ਸਮਾਜ-ਸੇਵੀ ਸੰਦੀਪ ਲੂੰਬਾ ਨੇ ਗਰੀਬ ਬਸਤੀ ’ਚ ਵੰਡੇ ਕੱਪੜੇ ਸਮਾਜ ਸੇਵੀ ਸੰਦੀਪ ਲੂੰਬਾ ਨੇ ਜੈਤੋ ਦੀ ਗਰੀਬ ਬਸਤੀ ਵਿੱਚ ਵੰਡੇ ਕੱਪੜੇ
Publish Date: Sat, 10 Oct 2026 04:47 PM (IST)
Updated Date: Sun, 11 Oct 2026 04:03 AM (IST)
ਇੱਕ ਆਟੋ ਭਰ ਕੇ ਲਿਆਂਦੇ ਕੱਪੜੇ, ਲੋੜਵੰਦ ਪਰਿਵਾਰਾਂ ਦੀ ਮਦਦ ਕਰ ਕੇ ਦਿੱਤਾ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਸਹਾਰਾ ਕਲੱਬ ਐਨਜੀਓ ਦੇ ਸੰਸਥਾਪਕ ਅਤੇ ਸਮਾਜ ਸੇਵੀ ਸੰਦੀਪ ਲੂੰਬਾ ਵੱਲੋਂ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਜੈਤੋ ਦੀ ਇੱਕ ਗਰੀਬ ਬਸਤੀ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਕੱਪੜੇ ਵੰਡੇ ਗਏ। ਇਸ ਸੇਵਾ ਕਾਰਜ ਤਹਿਤ ਇੱਕ ਆਟੋ (ਛੋਟਾ ਹਾਥੀ) ਭਰ ਕੇ ਕੱਪੜੇ ਲਿਆਂਦੇ ਗਏ, ਜਿਨ੍ਹਾਂ ਨੂੰ ਬੱਚਿਆਂ, ਔਰਤਾਂ ਅਤੇ ਹੋਰ ਲੋੜਵੰਦਾਂ ਦੀਆਂ ਜ਼ਰੂਰਤਾਂ ਅਨੁਸਾਰ ਵੰਡਿਆ ਗਿਆ। ਸੰਦੀਪ ਲੂੰਬਾ ਨੇ ਦੱਸਿਆ ਕਿ ਸਹਾਰਾ ਕਲੱਬ ਵੱਲੋਂ ਲੰਮੇ ਸਮੇਂ ਤੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਬੂਟ, ਜੁਰਾਬਾਂ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਸਹਾਰਾ ਕਲੱਬ ਦੇ ਸੇਵਾਦਾਰਾਂ ਅਤੇ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਲੋਕਾਂ ਨੂੰ ਸਵੇਰੇ-ਸ਼ਾਮ ਭੋਜਨ ਵੰਡਣ ਦੀ ਸੇਵਾ ਨਿਭਾਈ ਗਈ ਸੀ। ਸੰਦੀਪ ਲੂੰਬਾ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹਰ ਸਮਰੱਥ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਸਮਾਜ ਵਿੱਚ ਆਪਸੀ ਸਾਂਝ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਦੇ ਚਿਹਰੇ ’ਤੇ ਮਦਦ ਮਿਲਣ ਤੋਂ ਬਾਅਦ ਆਉਣ ਵਾਲੀ ਮੁਸਕਰਾਹਟ ਹੀ ਸਮਾਜ ਸੇਵਾ ਦੀ ਸਭ ਤੋਂ ਵੱਡੀ ਤਸੱਲੀ ਹੁੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਹਾਰਾ ਕਲੱਬ ਵੱਲੋਂ ਭਵਿੱਖ ਵਿੱਚ ਵੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਸਮਾਜ ਦੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਅਤੇ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ।