ਜੈਤੋ ਦੀ ਰਾਮਲੀਲਾ ’ਚ ਜੀਵੰਤ ਹੋਇਆ ਸੀਤਾ ਸਵੰਬਰ ਦਾ ਪ੍ਰਸੰਗ ਜੈਤੋ ਦੀ ਰਾਮਲੀਲਾ ’ਚ ਜੀਵੰਤ ਹੋਇਆ ਸੀਤਾ ਸਵੰਬਰ ਦਾ ਪ੍ਰਸੰਗ, ਰਾਮ ਦੀ ਜਿੱਤ ’ਤੇ ਗੂੰਜੀਆਂ ਤਾੜੀਆਂ
Publish Date: Sat, 10 Oct 2026 04:27 PM (IST)
Updated Date: Sun, 11 Oct 2026 04:03 AM (IST)
ਰਾਮ ਦੀ ਜਿੱਤ ’ਤੇ ਗੂੰਜੀਆਂ ਤਾੜੀਆਂ ਰਾਵਣ ਦੀ ਦਮਦਾਰ ਐਂਟਰੀ ਤੇ ਲਕਸ਼ਮਣ ਦੇ ਰੋਹ ਭਰੇ ਸੰਵਾਦਾਂ ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ ਕਲਾਕਾਰਾਂ ਦੀ ਅਦਾਕਾਰੀ ਨੇ ਬੰਨ੍ਹਿਆ ਰੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੈਤੋ : ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵੱਲੋਂ ਰਾਮਲੀਲਾ ਮੈਦਾਨ ਵਿੱਚ ਕਰਵਾਈ ਜਾ ਰਹੀ ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਧਾਰਮਿਕ ਪ੍ਰਸੰਗਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸੀਤਾ ਸਵੰਬਰ ਦੇ ਦ੍ਰਿਸ਼ ਵਿੱਚ ਜਿੱਥੇ ਵੱਖ-ਵੱਖ ਰਾਜਿਆਂ ਵੱਲੋਂ ਸ਼ਿਵ ਧਨੁਸ਼ ’ਤੇ ਚਿੱਲਾ ਚੜ੍ਹਾਉਣ ਦੀ ਅਸਫਲ ਕੋਸ਼ਿਸ਼ ਨੇ ਉਤਸੁਕਤਾ ਪੈਦਾ ਕੀਤੀ, ਉੱਥੇ ਭਗਵਾਨ ਸ੍ਰੀ ਰਾਮ ਵੱਲੋਂ ਧਨੁਸ਼ ’ਤੇ ਚਿੱਲਾ ਚੜ੍ਹਾਉਣ ਦੇ ਦ੍ਰਿਸ਼ ਨੇ ਪੰਡਾਲ ’ਚ ਤਾੜੀਆਂ ਦੀ ਗੂੰਜ ਪੈਦਾ ਕਰ ਦਿੱਤੀ। ਲੰਕਾਪਤੀ ਰਾਵਣ ਦੀ ਪ੍ਰਭਾਵਸ਼ਾਲੀ ਐਂਟਰੀ ਅਤੇ ਉਸ ਦੇ ਰੋਅਬਦਾਰ ਅੰਦਾਜ਼ ਨੇ ਵੀ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ। ਰਾਮਲੀਲਾ ਦੇ ਮੰਚ ’ਤੇ ਪੇਸ਼ ਕੀਤੇ ਗਏ ਸੀਤਾ ਸਵੰਬਰ ਦੇ ਪ੍ਰਸੰਗ ਵਿੱਚ ਮਹਾਰਾਜਾ ਜਨਕ ਵੱਲੋਂ ਆਪਣੀ ਪੁੱਤਰੀ ਸੀਤਾ ਦੇ ਵਿਆਹ ਲਈ ਰੱਖੀ ਗਈ ਸ਼ਰਤ ਨੂੰ ਕੇਂਦਰ ਵਿੱਚ ਰੱਖਿਆ ਗਿਆ। ਦਰਬਾਰ ਵਿੱਚ ਐਲਾਨ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਸ਼ਿਵ ਧਨੁਸ਼ ’ਤੇ ਚਿੱਲਾ ਚੜ੍ਹਾਉਣ ਵਿੱਚ ਸਫਲ ਹੋਵੇਗਾ, ਸੀਤਾ ਦਾ ਵਿਆਹ ਉਸ ਨਾਲ ਕੀਤਾ ਜਾਵੇਗਾ। ਇਸ ਚੁਣੌਤੀ ਨੂੰ ਸਵੀਕਾਰ ਕਰਨ ਲਈ ਕਈ ਰਾਜੇ ਅੱਗੇ ਆਉਂਦੇ ਹਨ, ਪਰ ਕੋਈ ਵੀ ਸਫਲ ਨਹੀਂ ਹੁੰਦਾ। ਇਸ ਦੌਰਾਨ ਮਹਾਰਾਜਾ ਜਨਕ ਦੀ ਨਿਰਾਸ਼ਾ ਅਤੇ ਲਕਸ਼ਮਣ ਦੇ ਰੋਹ ਭਰੇ ਸੰਵਾਦਾਂ ਨੇ ਨਾਟਕੀ ਮਾਹੌਲ ਨੂੰ ਹੋਰ ਦਿਲਚਸਪ ਬਣਾ ਦਿੱਤਾ। ਇਸੇ ਪ੍ਰਸੰਗ ਦੌਰਾਨ ਲੰਕਾਪਤੀ ਰਾਵਣ ਦੀ ਦਰਬਾਰ ਵਿੱਚ ਐਂਟਰੀ ਹੁੰਦੀ ਹੈ। ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਦਰਬਾਰ ਵਿੱਚ ਮੌਜੂਦ ਰਾਜਿਆਂ ਨੂੰ ਚੁਣੌਤੀ ਦੇਣ ਵਾਲੇ ਰਾਵਣ ਦੇ ਕਿਰਦਾਰ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਧਨੁਸ਼ ’ਤੇ ਚਿੱਲਾ ਚੜ੍ਹਾਉਣ ਦੀ ਕੋਸ਼ਿਸ਼ ਦੌਰਾਨ ਲੰਕਾ ਵਿੱਚ ਅੱਗ ਲੱਗਣ ਦੀ ਭਵਿੱਖਬਾਣੀ ਨਾਲ ਜੁੜੇ ਦ੍ਰਿਸ਼ ਨੇ ਕਥਾ ਨੂੰ ਨਵਾਂ ਮੋੜ ਦਿੱਤਾ। ਅੰਤ ਵਿੱਚ ਮੁਨੀ ਵਿਸ਼ਵਾਮਿੱਤਰ ਦੀ ਆਗਿਆ ਨਾਲ ਭਗਵਾਨ ਸ੍ਰੀ ਰਾਮ ਵੱਲੋਂ ਸ਼ਿਵ ਧਨੁਸ਼ ’ਤੇ ਚਿੱਲਾ ਚੜ੍ਹਾਉਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਬਾਕਸ-- ਪੂਜਾ-ਅਰਚਨਾ ਨਾਲ ਹੋਈ ਦੂਜੀ ਨਾਈਟ ਦੀ ਸ਼ੁਰੂਆਤ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਮੈਸਰਜ਼ ਸ਼ਕਤੀ ਬਲਬ ਦੇ ਰਾਜਕੁਮਾਰ ਕੋਟਨ ਬਰੋਕਰ, ਰਾਜਕੁਮਾਰ ਸ਼ਰਮਾ, ਵਿਨੋਦ ਸ਼ਰਮਾ ਅਤੇ ਟੀਨੂ ਸ਼ਰਮਾ ਵੱਲੋਂ ਗਣੇਸ਼ ਵੰਦਨਾ ਅਤੇ ਮਾਤਾ ਸਰਸਵਤੀ ਦੀ ਪੂਜਾ-ਅਰਚਨਾ ਉਪਰੰਤ ਕਰਵਾਈ ਗਈ। ਕਲੱਬ ਦੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਰਾਮਲੀਲਾ ਦੇ ਹਰ ਪ੍ਰਸੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਕਲਾਕਾਰਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ। ਇਸ ਨਾਈਟ ਵਿੱਚ ਮਹਾਰਾਜਾ ਜਨਕ ਦੀ ਭੂਮਿਕਾ ਵਿਕਾਸ ਗਰਗ ਘੋਟਾ, ਭਗਵਾਨ ਸ੍ਰੀ ਰਾਮ ਦੀ ਭੂਮਿਕਾ ਹਰਸ਼ ਲੂੰਬਾ, ਲਕਸ਼ਮਣ ਦੀ ਭੂਮਿਕਾ ਅੰਕੁਰ ਕੁਮਾਰ, ਮੁਨੀ ਵਿਸ਼ਵਾਮਿੱਤਰ ਦੀ ਭੂਮਿਕਾ ਅਨਿਲ ਮਿੱਤਲ ਟੋਨੀ, ਜਨਕ ਦਰਬਾਰ ਦੇ ਮੁੱਖ ਮੰਤਰੀ ਦੀ ਭੂਮਿਕਾ ਮਾਣਕ ਸ਼ਾਹ, ਡਾਕੀਏ ਦੀ ਭੂਮਿਕਾ ਸੋਨੂੰ ਸੂਰੀ, ਰਾਵਣ ਦੀ ਭੂਮਿਕਾ ਟਿੰਕੂ ਢੱਲਾ ਅਤੇ ਮਹਾਰਾਜ ਪਰਸ਼ੂਰਾਮ ਦੀ ਭੂਮਿਕਾ ਈਸ਼ਵਰ ਜਿੰਦਲ ਈਸ਼ੂ ਨੇ ਨਿਭਾਈ। ਸੰਗੀਤ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੋਨੂੰ ਵਰਮਾ ਨੇ ਸੰਭਾਲੀ। ਰਾਮਲੀਲਾ ਦੇ ਮੰਚਨ ਨੂੰ ਸੁਚਾਰੂ ਬਣਾਉਣ ਵਿੱਚ ਪਰਦੇ ਪਿੱਛੇ ਕੰਮ ਕਰਨ ਵਾਲਿਆਂ ਦਾ ਵੀ ਅਹਿਮ ਯੋਗਦਾਨ ਹੈ। ਸ੍ਰੀ ਰਾਮ ਅਵਤਾਰ ਵਰਮਾ ਪਿਛਲੇ 35 ਸਾਲਾਂ ਤੋਂ ਕਲਾਕਾਰਾਂ ਨੂੰ ਸੰਵਾਦ ਯਾਦ ਕਰਵਾਉਣ ਅਤੇ ਪ੍ਰਸੰਗਾਂ ਨੂੰ ਸਹੀ ਢੰਗ ਨਾਲ ਚਲਾਉਣ ਦੀ ਸੇਵਾ ਨਿਭਾਅ ਰਹੇ ਹਨ। ਬਾਕਸ-- ਸੇਵਾ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ ਪ੍ਰਬੰਧ ਕਲੱਬ ਦੇ ਪ੍ਰਧਾਨ ਸੰਦੀਪ ਪਾਟਿਲ ਟੋਨੀ ਸਮੇਤ ਹੋਰ ਮੈਂਬਰਾਂ ਵੱਲੋਂ ਰਾਮਲੀਲਾ ਦੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਆਰਤੀ ਮੌਕੇ ਨਰੇਸ਼ ਸ਼ਿਵਾ, ਪੰਕਜ ਜਿੰਦਲ, ਨਵਲ ਜੈਨ, ਸਕੱਤਰ ਨਰੇਸ਼ ਮਿੱਤਲ, ਸਮਰਾਟ ਸ਼ੰਕਰ, ਵੀਰੂ, ਇੰਦਰ, ਜਸ਼ਨ ਢੱਲਾ, ਆਸ਼ੀਸ਼ ਬਰਗਾੜੀ, ਧਰਮਿੰਦਰ ਬਨੀ ਅਤੇ ਤੁਸ਼ਾਲ ਲੂੰਬਾ ਗੋਗੀ ਸਮੇਤ ਹੋਰ ਮੈਂਬਰ ਹਾਜ਼ਰ ਰਹੇ। ਮੁੱਖ ਮਹਿਮਾਨਾਂ ਦੇ ਸਵਾਗਤ ਲਈ ਸਵਾਗਤ ਕਮੇਟੀ ਦੇ ਚੇਅਰਮੈਨ ਦਰਸ਼ਨ ਚੌਧਰੀ ਅਤੇ ਟੋਨੀ ਡੋਡ ਸੇਵਾਵਾਂ ਨਿਭਾਅ ਰਹੇ ਹਨ। ਦਰਸ਼ਕਾਂ ਦੀ ਸਹੂਲਤ ਲਈ ਮਾਂ ਛਿੰਨਮਸਤਿਕਾ ਲੰਗਰ ਕਮੇਟੀ ਵੱਲੋਂ ਕੁਰਸੀਆਂ ਅਤੇ ਸੋਫਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਜੈ ਭੋਲੇ ਡਾਕ ਕਾਂਵੜ ਸੰਘ ਵੱਲੋਂ ਪੀਣ ਵਾਲੇ ਸਾਫ਼ ਪਾਣੀ ਦੀ ਮੁਫ਼ਤ ਸੇਵਾ ਦਿੱਤੀ ਜਾ ਰਹੀ ਹੈ। ਮਾਂ ਵੈਸ਼ਨੋ ਦੇਵੀ ਸੇਵਾ ਦਲ ਕਲੱਬ ਅਤੇ ਪੰਜਾਬ ਮਹਾਂਵੀਰ ਦਲ ਵੱਲੋਂ ਵੀ ਸਮਾਗਮ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸੰਦੀਪ ਪਾਟਿਲ ਟੋਨੀ ਅਤੇ ਸਮੂਹ ਮੈਂਬਰਾਂ ਨੇ ਸੁਰੱਖਿਆ ਦੇ ਪ੍ਰਬੰਧਾਂ ਲਈ ਜੈਤੋ ਦੇ ਐੱਸ.ਐੱਚ.ਓ. ਨਵਪ੍ਰੀਤ ਸਿੰਘ, ਡੀ.ਐੱਸ.ਪੀ. ਇਕਬਾਲ ਸਿੰਘ ਸੰਧੂ ਅਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ।