- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਦਿਕ ਵਿੱਚ ਐਚਆਈਵੀ/ਏਡਜ਼ ਬਾਰੇ ਜਾਗਰੂਕਤਾ ਸੈਸ਼ਨ, ਬਚਾਅ ਅਤੇ ਮੁਫ਼ਤ ਇਲਾਜ ਦੀ ਦਿੱਤੀ ਜਾਣਕਾਰੀ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸਾਦਿਕ : ਪਿੰਡ ਸਾਦਿਕ ਵਿਖੇ ਐਚਆਈਵੀ/ਏਡਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਸਟਾਫ਼, ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਐਚਆਈਵੀ ਦੇ ਫੈਲਣ ਦੇ ਕਾਰਨਾਂ, ਇਸ ਤੋਂ ਬਚਾਅ ਦੇ ਤਰੀਕਿਆਂ, ਜਾਂਚ ਅਤੇ ਇਲਾਜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸ਼ੇਪ ਇੰਡੀਆ ਦੇ ਪ੍ਰੋਜੈਕਟ ਅਫ਼ਸਰ ਮਨੀਸ਼, ਰਿਸੋਰਸ ਪਰਸਨ ਰਮਨਦੀਪ ਕੌਰ ਅਤੇ ਜ਼ੋਨਲ ਸੁਪਰਵਾਈਜ਼ਰ ਲਖਵੀਰ ਸਿੰਘ ਨੇ ਸੈਸ਼ਨ ਦੌਰਾਨ ਦੱਸਿਆ ਕਿ ਐਚਆਈਵੀ ਮੁੱਖ ਤੌਰ ’ਤੇ ਸੰਕਰਮਿਤ ਸੂਈ ਜਾਂ ਸਰਿੰਜ ਸਾਂਝੀ ਕਰਨ, ਬਿਨਾਂ ਸੁਰੱਖਿਆ ਦੇ ਜਿਨਸੀ ਸਬੰਧ ਬਣਾਉਣ, ਐਚਆਈਵੀ ਨਾਲ ਸੰਕਰਮਿਤ ਖੂਨ ਚੜ੍ਹਾਉਣ ਅਤੇ ਸੰਕਰਮਿਤ ਮਾਂ ਤੋਂ ਬੱਚੇ ਤੱਕ ਪਹੁੰਚਣ ਕਾਰਨ ਫੈਲ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਲੋੜ ਪੈਣ ’ਤੇ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਐਚਆਈਵੀ ਆਮ ਛੂਹਣ, ਇਕੱਠੇ ਬੈਠਣ, ਖਾਣਾ ਸਾਂਝਾ ਕਰਨ ਜਾਂ ਹੱਥ ਮਿਲਾਉਣ ਨਾਲ ਨਹੀਂ ਫੈਲਦਾ। ਇਸ ਲਈ ਐਚਆਈਵੀ ਪ੍ਰਭਾਵਿਤ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਐਚਆਈਵੀ ਦੀ ਜਾਂਚ ਮੁਫ਼ਤ ਉਪਲਬਧ ਹੈ। ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਏਆਰਟੀ ਸੈਂਟਰਾਂ ਰਾਹੀਂ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਮੌਕੇ ਐਚਆਈਵੀ/ਏਡਜ਼ ਨਾਲ ਸਬੰਧਤ ਐਕਟ-2017 ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਦਾ ਉਦੇਸ਼ ਪ੍ਰਭਾਵਿਤ ਵਿਅਕਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਰੋਕਣਾ ਹੈ। ਇਸ ਤੋਂ ਇਲਾਵਾ ਓਐੱਸਟੀ ਅਤੇ ਓਟ ਸੈਂਟਰਾਂ ਦੀਆਂ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸੈਸ਼ਨ ਵਿੱਚ ਮੁਹੱਲਾ ਕਲੀਨਿਕ ਦੇ ਸਟਾਫ਼, ਸਬ-ਸੈਂਟਰ ਦੀ ਸੀਐਚਓ ਰਮਨਦੀਪ ਕੌਰ ਅਤੇ ਓਟੀਟੀ ਸੈਂਟਰ ਦੇ ਕੌਂਸਲਰ ਲਵਲੀ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ੇਪ ਇੰਡੀਆ ਦੇ ਅਕਾਊਂਟੈਂਟ ਧਰਮਿੰਦਰ ਸਿੰਘ, ਕਲੱਸਟਰ ਲਿੰਕ ਵਰਕਰ ਅਕਾਸ਼ਦੀਪ ਸਿੰਘ, ਸਰਪੰਚ ਜਗਦੀਸ਼ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।