ਹੁਣ ਪਰਾਲੀ ਸਾੜਨ ਵਾਲਿਆਂ ’ਤੇ ਰਹੇਗੀ ਡ੍ਰੋਨ ਅੱਖ ਪਰਾਲੀ ਸਾੜੀ ਤਾਂ ਡਰੋਨ ਦੀ ਅੱਖ ਤੋਂ ਨਹੀਂ ਬਚੇਗਾ ਕਿਸਾਨ, ਫ਼ਰੀਦਕੋਟ 'ਚ 7.45 ਲੱਖ ਮੀਟ੍ਰਿਕ ਟਨ ਪਰਾਲੀ ਪ੍ਰਬੰਧਨ ਦੀ ਚੁਣੌਤੀ
Publish Date: Fri, 09 Oct 2026 05:13 PM (IST)
Updated Date: Fri, 09 Oct 2026 05:14 PM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਫ਼ਰੀਦਕੋਟ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਨਿਗਰਾਨੀ ਦਾ ਘੇਰਾ ਹੋਰ ਸਖ਼ਤ ਕਰ ਦਿੱਤਾ ਹੈ। ਇਸ ਵਾਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਡਰੋਨ ਦੀ ਨਜ਼ਰ ਤੋਂ ਵੀ ਨਹੀਂ ਬਚ ਸਕਣਗੇ। ਸੈਟੇਲਾਈਟ ਅਤੇ ਵਿਭਾਗੀ ਟੀਮਾਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਤਿੰਨ ਡਰੋਨ ਤਾਇਨਾਤ ਕੀਤੇ ਗਏ ਹਨ। ਕੇਂਦਰ ਵੱਲੋਂ ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਉਐਮ) ਦਾ ਅਧਿਕਾਰੀ ਵੀ ਤਾਇਨਾਤ ਕੀਤਾ ਗਿਆ ਹੈ। ਇਸ ਵਾਰ ਪ੍ਰਸ਼ਾਸਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜ਼ਿਲ੍ਹੇ ਵਿੱਚ ਪੈਦਾ ਹੋਣ ਵਾਲੀ ਕਰੀਬ 7.45 ਲੱਖ ਮੀਟ੍ਰਿਕ ਟਨ ਪਰਾਲੀ ਦਾ ਪ੍ਰਬੰਧਨ ਕਰਨਾ ਹੈ। ਫ਼ਰੀਦਕੋਟ ਵਿੱਚ ਲਗਭਗ 1.16 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਖੇਤੀ ਹੋਈ ਹੈ। ਇਸ ਵਿੱਚੋਂ ਕਰੀਬ 1.05 ਲੱਖ ਹੈਕਟੇਅਰ ਵਿੱਚ ਆਮ ਝੋਨਾ ਅਤੇ ਲਗਭਗ 11 ਹਜ਼ਾਰ ਹੈਕਟੇਅਰ ਵਿੱਚ ਬਾਸਮਤੀ ਦੀ ਖੇਤੀ ਕੀਤੀ ਗਈ ਹੈ। ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਨੇ ਇਨ-ਸਿਟੂ ਅਤੇ ਐਕਸ-ਸਿਟੂ ਦੋਵੇਂ ਤਰੀਕਿਆਂ ਤੇ ਧਿਆਨ ਕੇਂਦਰਿਤ ਕੀਤਾ ਹੈ। ਲਗਭਗ 2.23 ਲੱਖ ਮੀਟ੍ਰਿਕ ਟਨ ਪਰਾਲੀ ਨੂੰ ਖੇਤਾਂ ਤੋਂ ਬਾਹਰ ਵਰਤੋਂ ਵਿੱਚ ਲਿਆਉਣ ਲਈ ਪ੍ਰਬੰਧ ਕੀਤੇ ਗਏ ਹਨ। ਇਸ ਲਈ ਜ਼ਿਲ੍ਹੇ ਵਿੱਚ ਇੱਕ ਬਾਇਓਮਾਸ ਪਲਾਂਟ, ਪੰਜ ਪੇਪਰ ਪਲਾਂਟ ਅਤੇ ਤਿੰਨ ਕਾਰਡਬੋਰਡ ਯੂਨਿਟ ਉਪਲਬਧ ਹਨ। ਬਾਕੀ ਕਰੀਬ 5.22 ਲੱਖ ਮੀਟ੍ਰਿਕ ਟਨ ਪਰਾਲੀ ਦਾ ਪ੍ਰਬੰਧਨ ਖੇਤਾਂ ਵਿੱਚ ਹੀ ਕਰਨ ਦਾ ਟੀਚਾ ਹੈ। 3500 ਤੋਂ ਵੱਧ ਮਸ਼ੀਨਾਂ ਨਾਲ ਖੇਤਾਂ ਵਿੱਚ ਹੀ ਪਰਾਲੀ ਸੰਭਾਲਣ ਦੀ ਤਿਆਰੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਨੁਸਾਰ ਕਿਸਾਨਾਂ ਨੂੰ ਪਰਾਲੀ ਖੇਤ ਵਿੱਚ ਹੀ ਮਿਲਾਉਣ ਲਈ ਹੁਣ ਤੱਕ 3500 ਤੋਂ ਵੱਧ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਸੁਪਰ ਸੀਡਰ, ਹੈਪੀ ਸੀਡਰ ਸਮੇਤ ਹੋਰ ਮਸ਼ੀਨਾਂ ਸ਼ਾਮਲ ਹਨ। ਇਹ ਮਸ਼ੀਨਾਂ ਸਹਿਕਾਰੀ ਸਭਾਵਾਂ, ਕਸਟਮ ਹਾਇਰਿੰਗ ਸੈਂਟਰਾਂ ਅਤੇ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ। ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਬੇਲਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਸਾਲ ਜਿੱਥੇ ਬੇਲਰ ਰਾਹੀਂ ਪਰਾਲੀ ਚੁਕਵਾਉਣ ਦਾ ਰੇਟ ਕਰੀਬ 175 ਰੁਪਏ ਪ੍ਰਤੀ ਕੁਇੰਟਲ ਸੀ, ਉੱਥੇ ਇਸ ਸਾਲ ਇਹ ਦਰ 200 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੋ ਗਈ ਹੈ। ਕਿਸਾਨਾਂ ਅਤੇ ਸਬੰਧਤ ਏਜੰਸੀਆਂ ਵਿਚਕਾਰ ਇਸ ਸਬੰਧੀ ਸਮਝੌਤੇ ਵੀ ਕੀਤੇ ਜਾ ਚੁੱਕੇ ਹਨ। ਪਰਾਲੀ ਸਾੜਨ ਦੇ 76 ਫ਼ੀਸਦੀ ਮਾਮਲੇ ਘਟੇ ਪ੍ਰਸ਼ਾਸਨ ਲਈ ਪਿਛਲੇ ਸਾਲ ਦਾ ਪ੍ਰਦਰਸ਼ਨ ਉਮੀਦ ਜਗਾਉਣ ਵਾਲਾ ਰਿਹਾ। ਸਾਲ 2024 ਵਿੱਚ ਪਰਾਲੀ ਸਾੜਨ ਦੀਆਂ 551 ਘਟਨਾਵਾਂ ਰਿਪੋਰਟ ਹੋਈਆਂ ਸਨ, ਜਦਕਿ ਸਾਲ 2025 ਵਿੱਚ ਇਹ ਗਿਣਤੀ ਘਟ ਕੇ 136 ਰਹਿ ਗਈ। ਇਸ ਤਰ੍ਹਾਂ ਇੱਕ ਸਾਲ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਰੀਬ 76 ਫ਼ੀਸਦੀ ਕਮੀ ਦਰਜ ਕੀਤੀ ਗਈ। ਹੁਣ ਇਸ ਸਾਲ ਪ੍ਰਸ਼ਾਸਨ ਦਾ ਟੀਚਾ ਇਸ ਗਿਣਤੀ ਨੂੰ ਹੋਰ ਘਟਾਉਣਾ ਹੈ। ਇਸ ਲਈ ਜ਼ਿਲ੍ਹੇ ਦੇ ਪਿੰਡਾਂ ਵਿੱਚ 171 ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਖ਼ਾਸ ਤੌਰ ਤੇ ਉਨ੍ਹਾਂ ਪਿੰਡਾਂ ਤੇ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ 2025 ਵਿੱਚ ਪਰਾਲੀ ਸਾੜਨ ਦੀਆਂ ਚਾਰ ਜਾਂ ਇਸ ਤੋਂ ਵੱਧ ਘਟਨਾਵਾਂ ਹੋਈਆਂ ਸਨ। ਜੈਤੋ, ਕੋਟਕਪੂਰਾ, ਢਿਲਵਾਂ ਕਲਾਂ ਅਤੇ ਬਿਸ਼ਨੰਦੀ ਨੂੰ ਮੁੱਖ ਹੌਟਸਪੌਟ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਵਾਧੂ ਨਿਗਰਾਨੀ ਲਈ ਸਹਾਇਕ ਨੋਡਲ ਅਧਿਕਾਰੀ ਅਤੇ ਫ਼ੀਲਡ ਸਟਾਫ਼ ਵੀ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਲ ਅਤੇ ਪੁਲਿਸ ਵਿਭਾਗ ਸਮੇਤ ਸਬੰਧਤ ਵਿਭਾਗਾਂ ਨੂੰ ਵੀ ਸਰਗਰਮ ਕੀਤਾ ਗਿਆ ਹੈ। --- ਫੋਟੋ : ਬਾਕਸ ਤਿੰਨ ਡ੍ਰੋਨ ਕਰਨਗੇ ਹਵਾਈ ਨਿਗਰਾਨੀ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤੇ ਤਿੰਨ ਡਰੋਨਾਂ ਵਿੱਚੋਂ ਇੱਕ ਡਰੋਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਨਿਰਦੇਸ਼ਾਂ ਅਨੁਸਾਰ ਚਲਾਇਆ ਜਾਵੇਗਾ, ਜਦਕਿ ਦੋ ਡਰੋਨ ਮੁੱਖ ਹੌਟਸਪੌਟ ਪਿੰਡਾਂ ਵਿੱਚ ਨਿਗਰਾਨੀ ਕਰਨਗੇ। ਇਸ ਨਾਲ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੀ ਤੁਰੰਤ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਉਪਲਬਧ ਮਸ਼ੀਨਰੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਹੂਲਤਾਂ ਦੇਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।