- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਸਿਮਰਤ ਕੌਰ ਬਾਦਲ ਦੇ 10 ਅਕਤੂਬਰ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ : ਲਾਲੀ ਬਾਦਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ‘ਮਾਵਾਂ ਧੀਆਂ ਦੀ ਲਲਕਾਰ ਇਨਸਾਫ਼ ਯਾਤਰਾ’ ਤਹਿਤ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਹਲਕਾ ਜੈਤੋ ਵਿੱਚ 10 ਅਕਤੂਬਰ ਨੂੰ ਕੀਤੇ ਜਾ ਰਹੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲੀ ਬਾਦਲ ਨੇ ਦਿੱਤੀ। ਲਾਲੀ ਬਾਦਲ ਨੇ ਦੱਸਿਆ ਕਿ ਹਰਸਿਮਰਤ ਕੌਰ ਬਾਦਲ 10 ਅਕਤੂਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਖੇ ਪਹੁੰਚਣਗੇ। ਇਸ ਦੌਰਾਨ ਉਹ ਹਲਕਾ ਜੈਤੋ ਦੀਆਂ ਔਰਤਾਂ ਨਾਲ ਨਸ਼ਿਆਂ ਦੇ ਮੁੱਦੇ ਸਬੰਧੀ ਸੰਵਾਦ ਕਰਨਗੇ ਅਤੇ ਨਸ਼ਿਆਂ ਕਾਰਨ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਇਸ ਗੰਭੀਰ ਸਮਾਜਿਕ ਚੁਣੌਤੀ ਨਾਲ ਨਜਿੱਠਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਨੂੰ ਲੈ ਕੇ ਹਲਕਾ ਜੈਤੋ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਔਰਤਾਂ ਪਰਿਵਾਰਾਂ ਅਤੇ ਸਮਾਜ ’ਤੇ ਪੈ ਰਹੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਨਗੀਆਂ। ਲਾਲੀ ਬਾਦਲ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੇ ਕਈ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਖ਼ਿਲਾਫ਼ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ 10 ਅਕਤੂਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਖੇ ਪਹੁੰਚ ਕੇ ਇਸ ਮੁਹਿੰਮ ਦਾ ਹਿੱਸਾ ਬਣਨ। ਇਸ ਮੌਕੇ ਨੌਜਵਾਨ ਆਗੂ ਪਾਲੀ ਬਾਦਲ, ਹਰਦੀਪ ਸਿੰਘ ਬੁਰਜ ਹਰੀਕਾ ਅਤੇ ਨੌਜਵਾਨ ਆਗੂ ਜੱਗਾ ਸੰਧੂ ਵੀ ਹਾਜ਼ਰ ਸਨ।