- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਏਐਸ ਨਵਜੋਤ ਕੌਰ ਨੇ ਦਸਮੇਸ਼ ਮਿਸ਼ਨ ਸਕੂਲ ਦੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਸਫ਼ਲਤਾ ਦੇ ਤਜਰਬੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੀ ਸਾਬਕਾ ਵਿਦਿਆਰਥਣ ਨਵਜੋਤ ਕੌਰ ਨੇ ਆਈਏਐਸ ਅਧਿਕਾਰੀ ਵਜੋਂ ਉੱਚ ਅਹੁਦੇ ’ਤੇ ਸੇਵਾਵਾਂ ਨਿਭਾਉਂਦਿਆਂ ਆਪਣੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਨਵਜੋਤ ਕੌਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਪਣੇ ਪੁਰਾਣੇ ਸਕੂਲ ਪਹੁੰਚਣ ’ਤੇ ਨਵਜੋਤ ਕੌਰ ਦਾ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਆਈਏਐਸ ਅਧਿਕਾਰੀ ਬਣਨ ਤੱਕ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਨੂੰ ਜੀਵਨ ਦਾ ਹਿੱਸਾ ਬਣਾਉਣ ਨਾਲ ਮੁਸ਼ਕਲ ਟੀਚੇ ਵੀ ਹਾਸਲ ਕੀਤੇ ਜਾ ਸਕਦੇ ਹਨ। ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਰੋਜ਼ਾਨਾ ਅਖ਼ਬਾਰਾਂ ਅਤੇ ਗਿਆਨਵਰਧਕ ਤੇ ਪ੍ਰੇਰਣਾਦਾਇਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਤਾਬਾਂ ਸਿਰਫ਼ ਗਿਆਨ ਵਿੱਚ ਵਾਧਾ ਨਹੀਂ ਕਰਦੀਆਂ, ਸਗੋਂ ਮਨੁੱਖ ਦੀ ਸੋਚ ਨੂੰ ਵੀ ਵਿਸ਼ਾਲ ਬਣਾਉਂਦੀਆਂ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ-ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸੋਮਾ ਦੇਵੀ ਨੇ ਨਵਜੋਤ ਕੌਰ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਨਵਜੋਤ ਕੌਰ ਦੇ ਸਫ਼ਲਤਾ ਦੇ ਸਫ਼ਰ ਤੋਂ ਪ੍ਰੇਰਣਾ ਲੈ ਕੇ ਆਪਣੇ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰੋ।