- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ-2027 ਲਈ ਫ਼ਰੀਦਕੋਟ ਪ੍ਰਸ਼ਾਸਨ ਦੀ ਤਿਆਰੀ ਤੇਜ਼, 16 ਨਵੰਬਰ ਤੋਂ ਸਵੈ-ਗਣਨਾ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਜਨਗਣਨਾ-2027 ਦੇ ਫੇਜ਼-2 ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੀਵਿਊ ਮੀਟਿੰਗ ਹੋਈ, ਜਿਸ ਵਿੱਚ ਫੇਜ਼-2 ਨਾਲ ਸਬੰਧਤ ਤਿਆਰੀਆਂ, ਸਿਖਲਾਈ ਅਤੇ ਸਵੈ-ਗਣਨਾ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਡਾਇਰੈਕਟਰ ਸੈਂਸਜ਼ ਓਪਰੇਸ਼ਨਜ਼ ਪੰਜਾਬ, ਚੰਡੀਗੜ੍ਹ ਤੋਂ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰ ਪੰਕਜ ਕੁਮਾਰ ਨੇ ਚਾਰਜ ਅਫਸਰਾਂ ਨੂੰ ਜਨਗਣਨਾ ਦੌਰਾਨ ਆਉਣ ਵਾਲੀਆਂ ਸੰਭਾਵਿਤ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸੁਪਰਵਾਈਜ਼ਰਾਂ ਅਤੇ ਇਨਿਊਮਰੇਟਰਾਂ ਦੀ ਟ੍ਰੇਨਿੰਗ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਇਸ ਮੌਕੇ ਐਗਜ਼ੀਕਿਊਟਿਵ ਅਫਸਰ ਸੰਜੇ ਪਰਮਾਰ ਨੇ ਦੱਸਿਆ ਕਿ ਜਨਗਣਨਾ-2027 ਦੇ ਫੇਜ਼-2 ਦੀ ਪ੍ਰਕਿਰਿਆ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗੀ। ਇਸ ਤੋਂ ਪਹਿਲਾਂ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਦੀ ਪ੍ਰਕਿਰਿਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਸਮੂਹ ਚਾਰਜ ਅਫਸਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸਵੈ-ਗਣਨਾ ਲਈ ਪ੍ਰੇਰਿਤ ਕਰਨ ਅਤੇ ਇਸ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੈ-ਗਣਨਾ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰਵਾਉਣ। ਮੀਟਿੰਗ ਦੌਰਾਨ ਜਨਗਣਨਾ-2027 ਦੇ ਫੇਜ਼-2 ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਪ੍ਰਬੰਧਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ, ਗੁਰਿੰਦਰ ਸਿੰਘ, ਡਿਪਟੀ-ਕਮ-ਵਧੀਕ ਜ਼ਿਲ੍ਹਾ ਸੈਂਸਜ਼ ਅਫਸਰ ਫ਼ਰੀਦਕੋਟ, ਅਰਸ਼ਤ ਗਰਗ, ਜੂਨੀਅਰ ਐਗਜ਼ੀਕਿਊਟਿਵ, ਮਨਪ੍ਰੀਤ ਕੌਰ ਯੰਗ ਪ੍ਰੋਫੈਸ਼ਨਲ ਅਤੇ ਟੈਕਨੀਕਲ ਅਸਿਸਟੈਂਟ ਸਮੇਤ ਹੋਰ ਸਬੰਧਤ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।