- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਮਿਲਿਆ ਘਰਾਂ ਦਾ ਮਾਲਕੀ ਹੱਕ, ਕੋਟਕਪੂਰਾ ਦੇ 23 ਪਿੰਡ ਮੁਹਿੰਮ ’ਚ ਸ਼ਾਮਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਲਾਲ ਲਕੀਰ ਅੰਦਰ ਸਾਲਾਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਕੋਟਕਪੂਰਾ ਤਹਿਸੀਲ ਦੇ 23 ਪਿੰਡਾਂ ਦੇ ਯੋਗ ਵਸਨੀਕਾਂ ਨੂੰ ਹੁਣ ਆਪਣੇ ਘਰਾਂ ਦੀ ਮਾਲਕੀ ਦੇ ਅਧਿਕਾਰਤ ਦਸਤਾਵੇਜ਼ ਮਿਲ ਗਏ ਹਨ। ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ ਪਿੰਡ ਭੈਰੋਂ-ਭੱਟੀ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਨੂੰ ਮਾਲਕੀ ਹੱਕਾਂ ਸਬੰਧੀ ਦਸਤਾਵੇਜ਼ ਸੌਂਪੇ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਆਪਣੇ ਘਰ ਦੀ ਮਾਲਕੀ ਦਾ ਅਧਿਕਾਰਤ ਦਸਤਾਵੇਜ਼ ਹਰ ਪਰਿਵਾਰ ਲਈ ਮਹੱਤਵਪੂਰਨ ਹੁੰਦਾ ਹੈ। ਇਸ ਮੁਹਿੰਮ ਤਹਿਤ ਲਾਲ ਲਕੀਰ ਅੰਦਰ ਰਹਿੰਦੇ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸਬੰਧਤ ਮਾਲਕੀ ਦਸਤਾਵੇਜ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਮਿਲਣ ਨਾਲ ਲੋਕਾਂ ਦੀ ਜਾਇਦਾਦ ਸਬੰਧੀ ਸਥਿਤੀ ਹੋਰ ਸਪੱਸ਼ਟ ਅਤੇ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਤਹਿਸੀਲ ਕੋਟਕਪੂਰਾ ਦੇ 23 ਪਿੰਡਾਂ ਦੇ ਯੋਗ ਵਸਨੀਕਾਂ ਨੂੰ ਇਸ ਮੁਹਿੰਮ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਯੋਗ ਲੋਕਾਂ ਨੂੰ ਉਨ੍ਹਾਂ ਦੇ ਜਾਇਦਾਦੀ ਹੱਕਾਂ ਨਾਲ ਜੋੜਨਾ ਹੈ। ਮਾਲਕੀ ਦਸਤਾਵੇਜ਼ ਲੋਕਾਂ ਲਈ ਮਹੱਤਵਪੂਰਨ ਰਿਕਾਰਡ ਵਜੋਂ ਕੰਮ ਕਰਨਗੇ ਅਤੇ ਭਵਿੱਖ ਵਿੱਚ ਜਾਇਦਾਦ ਨਾਲ ਸਬੰਧਤ ਵੱਖ-ਵੱਖ ਕੰਮਾਂ ਲਈ ਵੀ ਸਹੂਲਤ ਮਿਲੇਗੀ। ਸਪੀਕਰ ਸੰਧਵਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਹਿੰਮ ਤਹਿਤ ਬਾਕੀ ਰਹਿੰਦੇ ਯੋਗ ਲਾਭਪਾਤਰੀਆਂ ਨੂੰ ਵੀ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਲਾਭ ਪਹੁੰਚਾਇਆ ਜਾਵੇ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਸਿਹਤ ਬੀਮਾ ਕਾਰਡ ਵੀ ਵੰਡੇ ਗਏ। ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸਰਪੰਚ ਰਜਿੰਦਰਜੀਤ ਸਿੰਘ ਗਿੱਲ, ਜਗਤਾਰ ਜੱਗਾ ਸਰਪੰਚ ਪਿੰਡ ਖਾਰਾ, ਧੀਰਾ ਸਿੰਘ, ਨਿਰਮਲ ਸਿੰਘ, ਲਖਵਿੰਦਰ ਕੌਰ, ਗੁਰਭੇਜ ਸਿੰਘ, ਗੁਰਤੇਜ ਸਿੰਘ, ਗੱਜਣ ਸਿੰਘ, ਰਾਜਪਾਲ ਸਿੰਘ, ਬੌਬੀ, ਲਾਡੀ, ਪੰਚਾਇਤ ਸੈਕਟਰੀ ਧਰਮਜੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।