- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਸਬੰਧੀ ਆੜ੍ਹਤੀਆਂ ਨੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਅੱਗੇ ਰੱਖੀਆਂ ਮੁਸ਼ਕਲਾਂ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ ਸਾਦਿਕ: ਮਾਰਕੀਟ ਕਮੇਟੀ ਸਾਦਿਕ ਦੇ ਦਫ਼ਤਰ ਵਿਖੇ ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵੱਲੋਂ ਜੈਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਆੜ੍ਹਤੀਆਂ ਨੇ ਮੰਡੀ ਵਿੱਚ ਰੋਜ਼ਾਨਾ ਵਧ ਰਹੀ ਝੋਨੇ ਦੀ ਆਮਦ, ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਅਤੇ ਬਾਰਦਾਨਾ ਨਾ ਮਿਲਣ ਸਬੰਧੀ ਆਪਣੀਆਂ ਮੁਸ਼ਕਲਾਂ ਚੇਅਰਪਰਸਨ ਦੇ ਧਿਆਨ ਵਿੱਚ ਲਿਆਂਦੀਆਂ। ਆੜ੍ਹਤੀਆਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਬੋਲੀ ਹੋਣ ਦੇ ਬਾਵਜੂਦ ਅਜੇ ਤੱਕ ਖਰੀਦ ਏਜੰਸੀਆਂ ਵੱਲੋਂ ਖਰੀਦ ਸ਼ੁਰੂ ਨਹੀਂ ਕੀਤੀ ਗਈ ਅਤੇ ਨਾ ਹੀ ਬਾਰਦਾਨਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਸ਼ੁਰੂ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਵਿੱਚ ਤੇਜ਼ੀ ਆਈ ਹੈ, ਜਿਸ ਕਾਰਨ ਮੰਡੀਆਂ ਵਿੱਚ ਫਸਲ ਦੀ ਆਮਦ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖਰੀਦ ਪ੍ਰਬੰਧ ਜਲਦੀ ਮੁਕੰਮਲ ਕਰਕੇ ਰੋਜ਼ਾਨਾ ਬੋਲੀ, ਬਾਰਦਾਨੇ ਦੀ ਉਪਲਬਧਤਾ ਅਤੇ ਟਰੱਕਾਂ ਦੀ ਲੋਡਿੰਗ ਯਕੀਨੀ ਬਣਾਈ ਜਾਵੇ। ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਸ਼ਾਮ ਤੱਕ ਬਾਰਦਾਨਾ ਪਹੁੰਚ ਜਾਵੇਗਾ ਅਤੇ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਸੁੱਕੇ ਅਤੇ ਸਾਫ਼ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਮੀਟਿੰਗ ਉਪਰੰਤ ਸਮੂਹ ਆੜ੍ਹਤੀਆਂ ਵੱਲੋਂ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੰਟੀ ਗਰਗ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਫ਼ਰੀਦਕੋਟ, ਜੈਦੀਪ ਸਿੰਘ ਬਰਾੜ, ਦਲਜੀਤ ਸਿੰਘ ਢਿੱਲੋਂ, ਪੰਕਜ ਅਗਰਵਾਲ, ਗੁਰਸੇਵਕ ਸਿੰਘ ਬੁੱਟਰ, ਕੁਲਵੰਤ ਸਿੰਘ ਜਨੇਰੀਆਂ, ਹਰਪ੍ਰੀਤ ਸਿੰਘ ਸੰਧੂ ਪਿੰਡੀ, ਅਸ਼ੋਕ ਕੁਮਾਰ, ਮਹਿੰਦਰ ਸਿੰਘ ਬਰਾੜ, ਜਤਿੰਦਰ ਟਿੰਕੂ, ਹੈਪੀ ਨਰੂਲਾ, ਗੁਰਪ੍ਰੀਤ ਸਿੰਘ ਬਰਾੜ, ਦੀਪਕ ਸਿੰਗਲਾ, ਰੇਵਤੀ ਰਮਨ ਲੇਖਾਕਾਰ, ਰੁਪਿੰਦਰ ਰੂਬੀ, ਦੀਪਕ ਗਰਗ, ਗੁਰਬਾਜ਼ ਸਿੰਘ ਅਤੇ ਪਰਮਜੀਤ ਸੋਨੀ ਹਾਜ਼ਰ ਸਨ।