- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲੇਵਾਲਾ-ਪਿੱਪਲੀ ਮਾਰਗ ’ਤੇ ਟਰਾਲੀ ਉੱਪਰ ਟੁੱਟ ਕੇ ਡਿੱਗਿਆ ਸਫੈਦੇ ਦਾ ਟਾਹਣਾਂ, ਚਾਲਕ ਵਾਲ-ਵਾਲ ਬਚਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਗੋਲੇਵਾਲਾ ਤੋਂ ਪਿੱਪਲੀ ਨੂੰ ਜਾਂਦੇ ਮਾਰਗ ’ਤੇ ਡੇਰਾ ਰਾਧਾ ਸੁਆਮੀ ਦੇ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ, ਜਦੋਂ ਸੜਕ ਕਿਨਾਰੇ ਖੜ੍ਹੇ ਇੱਕ ਸਫੈਦੇ ਦੇ ਦਰੱਖਤ ਦਾ ਵੱਡਾ ਟਾਹਣਾਂ ਅਚਾਨਕ ਟੁੱਟ ਕੇ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਉੱਪਰ ਜਾ ਡਿੱਗਿਆ। ਟਾਹਣਾਂ ਡਿੱਗਣ ਕਾਰਨ ਟਰਾਲੀ ਦਾ ਕਾਫੀ ਨੁਕਸਾਨ ਹੋ ਗਿਆ, ਜਦਕਿ ਉਸ ਵਿੱਚ ਲੱਦਿਆ ਝੋਨਾ ਸੜਕ ’ਤੇ ਖਿੱਲਰ ਗਿਆ। ਹਾਦਸੇ ਦੌਰਾਨ ਟਰੈਕਟਰ ਚਾਲਕ ਵਾਲ-ਵਾਲ ਬਚ ਗਿਆ ਅਤੇ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਉਕਤ ਟਰੈਕਟਰ-ਟਰਾਲੀ ਗੋਲੇਵਾਲਾ ਤੋਂ ਝੋਨਾ ਲੈ ਕੇ ਫਰੀਦਕੋਟ ਦੀ ਮੰਡੀ ਵੱਲ ਜਾ ਰਹੀ ਸੀ। ਜਦੋਂ ਇਹ ਡੇਰਾ ਰਾਧਾ ਸੁਆਮੀ ਨੇੜੇ ਪਹੁੰਚੀ ਤਾਂ ਅਚਾਨਕ ਸਫੈਦੇ ਦੇ ਦਰੱਖਤ ਦਾ ਵੱਡਾ ਟਾਹਣਾਂ ਟੁੱਟ ਕੇ ਟਰਾਲੀ ਉੱਪਰ ਡਿੱਗ ਪਿਆ। ਟਾਹਣਾਂ ਇੰਨਾ ਭਾਰੀ ਸੀ ਕਿ ਟਰਾਲੀ ਨੂੰ ਨੁਕਸਾਨ ਪਹੁੰਚਿਆ ਅਤੇ ਝੋਨਾ ਸੜਕ ’ਤੇ ਖਿੱਲਰ ਗਿਆ। ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਲੇਵਾਲਾ-ਪਿੱਪਲੀ ਮਾਰਗ ਦੇ ਕਿਨਾਰਿਆਂ ’ਤੇ ਕਈ ਪੁਰਾਣੇ ਅਤੇ ਸੁੱਕੇ ਦਰੱਖਤ ਅਤੇ ਖ਼ਤਰਨਾਕ ਢੰਗ ਨਾਲ ਝੁਕੀਆਂ ਟਾਹਣੀਆਂ ਮੌਜੂਦ ਹਨ, ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਲੋਕਾਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਖੜ੍ਹੇ ਸੁੱਕੇ ਅਤੇ ਖ਼ਤਰਨਾਕ ਦਰੱਖਤਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਹਟਾਉਣ ਦੇ ਨਾਲ-ਨਾਲ ਝੁਕੀਆਂ ਤੇ ਖ਼ਤਰਨਾਕ ਟਾਹਣੀਆਂ ਦੀ ਛੰਗਾਈ ਕਰਵਾਈ ਜਾਵੇ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਕੋਈ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਹੈ।