- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਸ਼ਕਾਮ ਸੇਵਾ ਤੇ ਸਮਰਪਣ ਦੀ ਗੂੰਜ, 23 ਤੋਂ 26 ਅਕਤੂਬਰ ਤੱਕ ਹੋਵੇਗਾ 79ਵਾਂ ਨਿਰੰਕਾਰੀ ਸੰਤ ਸਮਾਗਮ

ਸਟਾਫ ਰਿਪੋਰਟ, ਪੰਜਾਬੀ ਜਾਗਰਣ ਫ਼ਰੀਦਕੋਟ : ਸੰਤ ਨਿਰੰਕਾਰੀ ਮਿਸ਼ਨ ਦਾ 79ਵਾਂ ਸਾਲਾਨਾ ਸੰਤ ਸਮਾਗਮ 23 ਤੋਂ 26 ਅਕਤੂਬਰ 2026 ਤੱਕ ਸਮਾਲਖਾ ਸਥਿਤ ਸੰਤ ਨਿਰੰਕਾਰੀ ਆਧਿਆਤਮਿਕ ਸਥੱਲ ਵਿਖੇ ਕਰਵਾਇਆ ਜਾਵੇਗਾ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ ਹੋਣ ਵਾਲਾ ਇਹ ਸਮਾਗਮ ਪ੍ਰੇਮ, ਸੇਵਾ, ਸਦਭਾਵਨਾ, ਮਾਨਵ ਏਕਤਾ ਅਤੇ ਪ੍ਰਭੂ-ਭਗਤੀ ਦਾ ਸੰਦੇਸ਼ ਦੇਵੇਗਾ। ਇਸ ਸਾਲ ਸਮਾਗਮ ਦਾ ਪ੍ਰੇਰਨਾਦਾਇਕ ਵਿਸ਼ਾ ‘ਜਾਗ੍ਰਿਤੀ’ ਰੱਖਿਆ ਗਿਆ ਹੈ। ਸਮਾਗਮ ਦੀ ਸ਼ੁਭ ਸੂਚਨਾ ਮਿਲਦਿਆਂ ਹੀ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੇ ਸ਼ਰਧਾਲੂਆਂ ਵਿੱਚ ਉਤਸ਼ਾਹ ਅਤੇ ਆਨੰਦ ਦੀ ਲਹਿਰ ਹੈ। ਸਮਾਗਮ ਸਥਲ ’ਤੇ ਤਿਆਰੀਆਂ ਪੂਰੇ ਜੋਸ਼ ਅਤੇ ਨਿਸ਼ਕਾਮ ਸੇਵਾ-ਭਾਵ ਨਾਲ ਜਾਰੀ ਹਨ। ਵੱਖ-ਵੱਖ ਉਮਰਾਂ ਅਤੇ ਵਰਗਾਂ ਨਾਲ ਸਬੰਧਤ ਸੇਵਾਦਾਰ ਤਨ-ਮਨ ਨਾਲ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਸਮਾਗਮ ਸਥਲ ’ਤੇ ਨਿਰਮਾਣ ਕਾਰਜਾਂ ਤੋਂ ਇਲਾਵਾ ਟੈਂਟ ਲਗਾਉਣ, ਸਫ਼ਾਈ, ਪੀਣ ਵਾਲੇ ਪਾਣੀ ਦੀ ਵਿਵਸਥਾ, ਲੰਗਰ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਮੁੱਖ ਪ੍ਰਵੇਸ਼-ਦੁਆਰ ਵੀ ਤਿਆਰ ਕੀਤਾ ਜਾ ਰਿਹਾ ਹੈ, ਜੋ ਸਮਾਗਮ ਦੀ ਵਿਸ਼ਾਲਤਾ ਅਤੇ ਆਤਮਿਕ ਭਾਵਨਾ ਨੂੰ ਦਰਸਾਉਂਦਾ ਹੋਇਆ ਸ਼ਰਧਾਲੂਆਂ ਦਾ ਸਵਾਗਤ ਕਰੇਗਾ। ਨਿਰੰਕਾਰੀ ਮਿਸ਼ਨ ਨਾਲ ਜੁੜੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸੇਵਾ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਸਤਿਗੁਰੂ ਪ੍ਰਤੀ ਪ੍ਰੇਮ, ਸ਼ਰਧਾ ਅਤੇ ਸ਼ੁਕਰਾਨੇ ਦਾ ਪ੍ਰਗਟਾਵਾ ਹੈ। ਸਵੇਰ ਤੋਂ ਸ਼ਾਮ ਤੱਕ ਚੱਲ ਰਹੀਆਂ ਸੇਵਾ ਗਤੀਵਿਧੀਆਂ ਵਿੱਚ ਸੇਵਾਦਾਰ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਮਿਹਨਤ ਦੇ ਬਾਵਜੂਦ ਉਨ੍ਹਾਂ ਦੇ ਚਿਹਰਿਆਂ ’ਤੇ ਥਕਾਵਟ ਦੀ ਬਜਾਏ ਸੰਤੋਖ ਅਤੇ ਸਮਰਪਣ ਦੀ ਝਲਕ ਦਿਖਾਈ ਦੇ ਰਹੀ ਹੈ। ਸਮਾਗਮ ਦਾ ਮੁੱਖ ਉਦੇਸ਼ ਮਨੁੱਖ ਨੂੰ ਅੰਦਰਲੇ ਚਾਨਣ ਨਾਲ ਜੋੜਨਾ ਅਤੇ ਪ੍ਰੇਮ, ਸਦਭਾਵਨਾ ਤੇ ਮਾਨਵ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਮਿਸ਼ਨ ਅਨੁਸਾਰ ਬ੍ਰਹਮ ਗਿਆਨ ਮਨੁੱਖ ਦੇ ਜੀਵਨ ਵਿੱਚ ਆਤਮਿਕ ਚੇਤਨਾ ਪੈਦਾ ਕਰਦਾ ਹੈ, ਜਿਸ ਨਾਲ ਸੇਵਾ, ਸਿਮਰਨ ਅਤੇ ਸਤਿਸੰਗ ਰਾਹੀਂ ਜੀਵਨ ਨੂੰ ਨਵੀਂ ਦਿਸ਼ਾ ਮਿਲਦੀ ਹੈ। ਇਸੇ ਸੰਦਰਭ ਵਿੱਚ ਸਤਿਗੁਰੂ ਮਾਤਾ ਜੀ ਵੱਲੋਂ ਸੇਵਾ, ਦਾਨ ਅਤੇ ਪ੍ਰਭੂ-ਭਗਤੀ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਗਿਆ ਹੈ— ‘ਤਨ ਪਵਿੱਤਰ ਸੇਵਾ ਕੀਏ, ਧਨ ਪਵਿੱਤਰ ਦੀਏ ਦਾਨ, ਮਨ ਪਵਿੱਤਰ ਹਰਿ ਭਜਨ ਸੋਂ, ਤ੍ਰਿਬਿਧ ਹੋਈ ਕਲਿਆਣ।’ ਇਸ ਸੰਦੇਸ਼ ਰਾਹੀਂ ਮਨੁੱਖ ਨੂੰ ਆਪਣਾ ਤਨ ਸੇਵਾ, ਧਨ ਪਰਉਪਕਾਰ ਅਤੇ ਮਨ ਪ੍ਰਭੂ-ਭਗਤੀ ਲਈ ਸਮਰਪਿਤ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਸਮਾਗਮ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵੀ ਵੱਖ-ਵੱਖ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਪ੍ਰਬੰਧਕਾਂ ਵੱਲੋਂ ਸੇਵਾ, ਸਤਿਕਾਰ ਅਤੇ ਆਪਣਾਪਣ ਨਾਲ ਭਰਪੂਰ ਮਾਹੌਲ ਸਿਰਜਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਿਰੰਕਾਰੀ ਸੰਤ ਸਮਾਗਮ ਨੂੰ ਸਿਰਫ਼ ਧਾਰਮਿਕ ਆਯੋਜਨ ਦੀ ਬਜਾਏ ਮਾਨਵਤਾ, ਸਮਰਸਤਾ ਅਤੇ ਏਕਤਾ ਦਾ ਮਹਾਉਤਸਵ ਦੱਸਿਆ ਜਾ ਰਿਹਾ ਹੈ। ਵੱਖ-ਵੱਖ ਖੇਤਰਾਂ, ਸਭਿਆਚਾਰਾਂ ਅਤੇ ਪਿਛੋਕੜਾਂ ਤੋਂ ਆਉਣ ਵਾਲੇ ਸ਼ਰਧਾਲੂ ਇੱਥੇ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨੂੰ ਅਮਲੀ ਰੂਪ ਦਿੰਦਿਆਂ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣਗੇ। 23 ਤੋਂ 26 ਅਕਤੂਬਰ ਤੱਕ ਹੋਣ ਵਾਲਾ ਇਹ ਸਮਾਗਮ ਸ਼ਰਧਾਲੂਆਂ ਲਈ ਆਤਮਿਕ ਚੇਤਨਾ ਅਤੇ ਨਿਸ਼ਕਾਮ ਸੇਵਾ ਦੀ ਪ੍ਰੇਰਨਾ ਦਾ ਕੇਂਦਰ ਬਣਨ ਦੀ ਉਮੀਦ ਹੈ।