- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿੰਗਰਾ ਵਿੱਚ ਕੱਸੀ ਵਿੱਚ ਪਾੜ ਪੈਣ ਨਾਲ 60 ਏਕੜ ਪੱਕਾ ਝੋਨਾ ਪਾਣੀ ਵਿੱਚ ਡੁੱਬਿਆ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਨੇੜੇ ਪਿੰਡ ਕਿੰਗਰਾ ਵਿਖੇ ਬੀਤੀ ਰਾਤ ਕਰੀਬ 9 ਵਜੇ ਕੱਸੀ ਵਿੱਚ ਪਾੜ ਪੈਣ ਕਾਰਨ ਕਈ ਏਕੜ ਪੱਕੀ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਕੱਸੀ ਦਾ ਪਾਣੀ ਖੇਤਾਂ ਵਿੱਚ ਦਾਖ਼ਲ ਹੋਣ ਕਾਰਨ ਕਿਸਾਨਾਂ ਦੀ ਕਰੀਬ 50 ਤੋਂ 60 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਕਈ ਖੇਤਾਂ ਵਿੱਚ ਲਗਭਗ ਤਿੰਨ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਕਟਾਈ ਲਈ ਤਿਆਰ ਖੜ੍ਹੀ ਫ਼ਸਲ ਦੇ ਨੁਕਸਾਨ ਦਾ ਡਰ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਸੀ ਵਿੱਚ ਪਾੜ ਪੈਣ ਨਾਲ ਬਲਰਾਜ ਸਿੰਘ, ਬੇਅੰਤ ਸਿੰਘ, ਗੋਰਾ ਸਿੰਘ, ਗੁਰਮੀਤ ਸਿੰਘ, ਰਾਜਾ ਸਿੰਘ, ਅਮਨਦੀਪ ਸਿੰਘ, ਕੁਲਵੰਤ ਸਿੰਘ, ਦਿਲਬਾਗ ਸਿੰਘ ਸਮੇਤ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਪੱਕਣ ਦੇ ਬਿਲਕੁਲ ਨੇੜੇ ਸੀ ਅਤੇ ਜਲਦ ਹੀ ਕਟਾਈ ਸ਼ੁਰੂ ਹੋਣੀ ਸੀ। ਅਜਿਹੇ ਵਿੱਚ ਖੇਤਾਂ ਵਿੱਚ ਲੰਬੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਨਾਲ ਫ਼ਸਲ ਦੇ ਝੜਨ ਅਤੇ ਗੁਣਵੱਤਾ ਪ੍ਰਭਾਵਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਸਾਨਾਂ ਅਨੁਸਾਰ ਇਸੇ ਕੱਸੀ ਵਿੱਚੋਂ ਜੰਡ ਸਾਹਿਬ ਵੱਲ ਜਾਂਦੀ ਮਾਇਨਰ ਵੀ ਪਿਛਲੇ ਦਿਨ ਪਿੰਡ ਕਿੰਗਰਾ ਦੇ ਰਕਬੇ ਵਿੱਚ ਟੁੱਟ ਗਈ ਸੀ। ਲੋਕਾਂ ਵੱਲੋਂ ਗੱਟੇ ਲਗਾ ਕੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਰਾਤ ਸਮੇਂ ਪਾਣੀ ਦਾ ਦਬਾਅ ਵਧਣ ਕਾਰਨ ਕੱਸੀ ਵਿੱਚ ਮੁੜ ਪਾੜ ਪੈ ਗਿਆ ਅਤੇ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਵਧ ਗਿਆ। ਨਹਿਰ ਮਹਿਕਮੇ ਦੇ ਐਸਡੀਓ ਗੁਰਜੀਤ ਸਿੰਘ ਅਤੇ ਜੇਈ ਵਾਰੁਣ ਨੇ ਦੱਸਿਆ ਕਿ ਕੱਸੀ ਵਿੱਚੋਂ ਲੰਘਦੀ ਮਾਇਨਰ ਵਿੱਚ ਪਹਿਲਾਂ ਪਾੜ ਪਿਆ ਸੀ, ਜਿਸ ਨੂੰ ਬੰਨ੍ਹ ਲਗਾ ਕੇ ਬੰਦ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ ਰਾਤ ਸਮੇਂ ਕੁਝ ਕਿਸਾਨਾਂ ਨੇ ਆਪਣੀ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਮਾਇਨਰ ਦਾ ਪਾਣੀ ਰੋਕ ਦਿੱਤਾ, ਜਿਸ ਕਾਰਨ ਕੱਸੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਅਤੇ ਕੱਸੀ ਟੁੱਟ ਗਈ। ਪਾਣੀ ਖੇਤਾਂ ਵਿੱਚ ਦਾਖ਼ਲ ਹੋਣ ਤੋਂ ਬਾਅਦ ਕਿਸਾਨਾਂ ਅਤੇ ਲੋਕਾਂ ਨੇ ਮੁੜ ਹਿੰਮਤ ਕਰਦਿਆਂ ਪਾੜ ਨੂੰ ਬੰਦ ਕਰਨ ਲਈ ਬੰਨ੍ਹ ਲਗਾਇਆ। ਹਾਲਾਂਕਿ ਉਦੋਂ ਤੱਕ ਵੱਡੀ ਮਾਤਰਾ ਵਿੱਚ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਚੁੱਕਾ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਭਾਵਿਤ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਅਤੇ ਫ਼ਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।