- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਕਲਾਂ ਦੇ ਪਹੀਏਆਂ ਨਾਲ ਨੌਜਵਾਨਾਂ ਨੇ ਦਿੱਤਾ ਨਸ਼ਾ-ਮੁਕਤ ਸਮਾਜ ਦਾ ਸੰਦੇਸ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਜੈਤੋ ਵਿੱਚ ਐਤਵਾਰ ਦੀ ਸਵੇਰ ਉਸ ਸਮੇਂ ਸਿਹਤਮੰਦ ਜੀਵਨ ਅਤੇ ਨਸ਼ਾ-ਮੁਕਤ ਸਮਾਜ ਦੇ ਸੰਦੇਸ਼ ਵਿੱਚ ਬਦਲ ਗਈ, ਜਦੋਂ ਨਿਊ ਗੰਗਸਰ ਸਪੋਰਟਸ ਕਲੱਬ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ‘ਸੰਡੇ ਸਾਈਕਲ ਰਾਈਡ’ ਕਰਵਾਈ ਗਈ। ਸਾਈਕਲਾਂ ’ਤੇ ਸਵਾਰ ਨੌਜਵਾਨਾਂ ਨੇ ਸਿਰਫ਼ ਸ਼ਹਿਰ ਦੀਆਂ ਸੜਕਾਂ ’ਤੇ ਚੱਕਰ ਨਹੀਂ ਲਗਾਏ, ਸਗੋਂ ਖੇਡਾਂ ਅਤੇ ਕਸਰਤ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੁਨੇਹਾ ਵੀ ਦਿੱਤਾ। ਸਾਈਕਲ ਰਾਈਡ ਨੂੰ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਅਤੇ ਡੀਐੱਸਪੀ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਐੱਸਐੱਚਓ ਜੈਤੋ ਨਵਪ੍ਰੀਤ ਸਿੰਘ ਸੰਧੂ ਵੱਲੋਂ ਵੀ ਇਸ ਉਪਰਾਲੇ ਨੂੰ ਸਹਿਯੋਗ ਦਿੱਤਾ ਗਿਆ। ਰਾਈਡ ਗੁਰਦੁਆਰਾ ਗੁਰੂ ਕੀ ਢਾਬ ਪਾਤਸ਼ਾਹੀ ਦਸਵੀਂ ਤੱਕ ਪਹੁੰਚੀ। ਇਸ ਮੌਕੇ ਮੌਜੂਦ ਸ਼ਖ਼ਸੀਅਤਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਰਫ਼ ਜਾਗਰੂਕਤਾ ਭਾਸ਼ਣ ਹੀ ਕਾਫ਼ੀ ਨਹੀਂ, ਬਲਕਿ ਉਨ੍ਹਾਂ ਨੂੰ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਲਈ ਮੌਕੇ ਦੇਣੇ ਵੀ ਜ਼ਰੂਰੀ ਹਨ। ਸਾਈਕਲਿੰਗ ਇਸ ਦਿਸ਼ਾ ਵਿੱਚ ਇੱਕ ਸੌਖੀ ਅਤੇ ਪ੍ਰਭਾਵਸ਼ਾਲੀ ਗਤੀਵਿਧੀ ਹੈ, ਜੋ ਸਰੀਰਕ ਤੰਦਰੁਸਤੀ ਦੇ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਟੀਮ ਭਾਵਨਾ ਪੈਦਾ ਕਰਦੀ ਹੈ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਅਤੇ ਡੀਐੱਸਪੀ ਇਕਬਾਲ ਸਿੰਘ ਸੰਧੂ ਨੇ ਨਿਊ ਗੰਗਸਰ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੋੜਨ ਵਾਲੇ ਉਪਰਾਲਿਆਂ ਨੂੰ ਹੋਰ ਵਿਆਪਕ ਪੱਧਰ ’ਤੇ ਅੱਗੇ ਵਧਾਉਣ ਦੀ ਲੋੜ ਹੈ। ਸੰਤ ਰਿਸ਼ੀ ਰਾਮ ਜੀ ਨੇ ਕਿਹਾ ਕਿ ਨੌਜਵਾਨ ਸਮਾਜ ਦੀ ਤਾਕਤ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਵਰਗੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਸਿਹਤ ਪ੍ਰਤੀ ਸੁਚੇਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਦੀਆਂ ਹਨ। ਕਲੱਬ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਨਿਊ ਗੰਗਸਰ ਸਪੋਰਟਸ ਕਲੱਬ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਲਈ ਸਿਹਤਮੰਦ ਅਤੇ ਉਸਾਰੂ ਮਾਹੌਲ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜੈਲਦਾਰ ਯਾਦਵਿੰਦਰ ਸਿੰਘ ਯਾਦੀ, ਮਾਰਸ਼ਲ ਦੀਪ ਸਿੰਘ ਪਾਲੀ ਬਾਦਲ, ਹਰਦੀਪ ਸਿੰਘ ਬੁਰਜ ਹਰੀਕਾ, ਡਾ. ਹਰੀਸ਼ ਕੁਮਾਰ ਗੋਇਲ, ਨਿਰਮਲ ਸਿੰਘ ਨਿੰਮਾ ਵਗਿੰੜ, ਜਸਪਾਲ ਸਿੰਘ ਕਾਟਾ, ਜਸਵਿੰਦਰ ਸਿੰਘ ਜੋਨੀ ਸਮੇਤ ਅਮਰੀਕ ਸਿੰਘ ਬਰਾੜ ਸੇਵੇਵਾਲਾ, ਪਰਮਜੀਤ ਸਿੰਘ ਜੈਤੋ, ਗੁਰਲਾਲ ਸਿੰਘ ਬਰਾੜ, ਸਤਪਾਲ ਸਦਿਓੜਾ, ਸੁਰਿੰਦਰ ਪਾਲ ਝੱਖੜਵਾਲਾ, ਰੇਸ਼ਮ ਸਿੰਘ ਬਰਾੜ, ਰਾਜਵੀਰ ਕੌਰ ਰੋਜ਼ੀ, ਜਸਵੀਰ ਸਿੰਘ ਗੋਰਾ ਔਲਖ, ਰਾਜਵਿੰਦਰ ਸਿੰਘ, ਸ਼ਿਵਮ ਕੁਮਾਰ ਪਿੰਨਾ, ਮਨਿੰਦਰ ਕੌਰ, ਜਸਵੀਰ ਕੌਰ, ਸੁਮੀਤ ਕੌਰ, ਪੰਕਜ ਸ਼ਰਮਾ, ਦੀਪੂ ਟੇਲਰ, ਮੱਖਣ ਸਿੰਘ, ਸਿਕੰਦਰ ਸਿੰਘ ਬਰਾੜ ਅਕਾਲੀਆਂ, ਹਰਦੀਪ ਸਿੰਘ ਬੁਰਜ, ਯਾਦਵਿੰਦਰ ਬੰਟੂ, ਸਾਹਿਲ ਸਿੰਗਲਾ, ਰਾਜ ਢਿੱਲੋਂ ਦਬੜੀਖਾਨਾ, ਬਲਕਰਨ ਔਲਖ ਕੋਠੇ ਮਹਿਲੜ, ਜਸ਼ਨ ਢਿੱਲੋਂ ਦਬੜੀਖਾਨਾ, ਚਰਨਜੀਤ ਹੈਪੀ ਅਤੇ ਏਕਜੋਤ ਸਿੰਘ ਹਾਜ਼ਰ ਸਨ।