- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਮਦਰਸ਼ ਨੇ ਬਾਕਸਿੰਗ ’ਚ ਜਿੱਤਿਆ ਸੋਨ ਤਮਗਾ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਵੱਖ-ਵੱਖ ਸਕੂਲਾਂ ਅਤੇ ਖੇਤਰਾਂ ਤੋਂ ਖਿਡਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜੈਤੋ ਦੇ ਹੋਣਹਾਰ ਖਿਡਾਰੀ ਸਮਦਰਸ਼ ਨੇ ਬਾਕਸਿੰਗ ਦੇ ਅੰਡਰ-14 ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਕੇ ਆਪਣੇ ਪਰਿਵਾਰ ਅਤੇ ਜੈਤੋ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸਮਦਰਸ਼ ਦੀ ਇਸ ਪ੍ਰਾਪਤੀ ਨਾਲ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਜੈਤੋ ਇਲਾਕੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੁਕਾਬਲੇ ਦੌਰਾਨ ਸਮਦਰਸ਼ ਨੇ ਆਪਣੀ ਖੇਡ ਕਲਾ, ਹੌਸਲੇ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਖਿਡਾਰੀ ਨੂੰ ਪਛਾੜਿਆ ਅਤੇ ਸੋਨ ਤਮਗਾ ਆਪਣੇ ਨਾਮ ਕੀਤਾ। ਸਮਦਰਸ਼ ਦੇ ਪਿਤਾ ਸੁਖਜੀਤ ਸਿੰਘ ਅਤੇ ਮਾਤਾ ਜਤਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਖਾਸ ਦਿਲਚਸਪੀ ਰਹੀ ਹੈ। ਉਹ ਖਾਸ ਤੌਰ ’ਤੇ ਬਾਕਸਿੰਗ ਖੇਡ ਪ੍ਰਤੀ ਕਾਫ਼ੀ ਉਤਸ਼ਾਹਿਤ ਹੈ। ਉਸਦੀ ਰੁਚੀ ਨੂੰ ਦੇਖਦਿਆਂ ਪਰਿਵਾਰ ਵੱਲੋਂ ਹਮੇਸ਼ਾ ਉਸਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਦਰਸ਼ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਸੋਨ ਤਮਗੇ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸ ਮੌਕੇ ਸਮਦਰਸ਼ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਕੋਚ ਅਤੇ ਅਧਿਆਪਕਾਂ ਨੇ ਉਸਦੀ ਖੇਡ ਪ੍ਰਤਿਭਾ ਨੂੰ ਪਛਾਣਦਿਆਂ ਉਸਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਅਤੇ ਮੁਕਾਬਲੇ ਲਈ ਲਗਾਤਾਰ ਮਾਰਗਦਰਸ਼ਨ ਕੀਤਾ। ਉਨ੍ਹਾਂ ਦੀ ਹੌਸਲਾ ਅਫਜ਼ਾਈ ਅਤੇ ਸਹਿਯੋਗ ਸਦਕਾ ਹੀ ਉਹ ਇਹ ਉਪਲਬਧੀ ਹਾਸਲ ਕਰਨ ਵਿੱਚ ਸਫਲ ਹੋਇਆ ਹੈ। ਸਮਦਰਸ਼ ਦੇ ਦਾਦਾ ਬਲਦੇਵ ਸਿੰਘ ਅਤੇ ਦਾਦੀ ਪਰਮਿੰਦਰ ਕੌਰ ਨੇ ਵੀ ਆਪਣੇ ਪੋਤੇ ਦੀ ਇਸ ਕਾਮਯਾਬੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਮਦਰਸ਼ ਨੇ ਸੋਨ ਤਮਗਾ ਜਿੱਤ ਕੇ ਪੂਰੇ ਪਰਿਵਾਰ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਮਦਰਸ਼ ਆਉਣ ਵਾਲੇ ਸਮੇਂ ਵਿੱਚ ਵੀ ਸਖ਼ਤ ਮਿਹਨਤ ਕਰਦਿਆਂ ਬਾਕਸਿੰਗ ਦੇ ਖੇਤਰ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇਗਾ ਅਤੇ ਜੈਤੋ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ।