- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਦ ਮਕਾਨ ’ਚ ਭਿਆਨਕ ਅੱਗ, ਦੋ ਗੈਸ ਸਿਲੰਡਰ ਧਮਾਕੇ ਨਾਲ ਫਟੇ; ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਕੋਟਕਪੂਰਾ ਦੀ ਲੰਬੂ ਰਾਮ ਸਟ੍ਰੀਟ, ਡੇਰਾ ਸਤ ਕਰਤਾਰ ਦੇ ਨੇੜੇ ਸੋਮਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਬੰਦ ਮਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ਬਾਅਦ ਮਕਾਨ ਵਿੱਚ ਰੱਖੇ ਦੋ ਗੈਸ ਸਿਲੰਡਰ ਇੱਕ-ਇੱਕ ਕਰਕੇ ਜ਼ੋਰਦਾਰ ਧਮਾਕਿਆਂ ਨਾਲ ਫਟ ਗਏ। ਧਮਾਕਿਆਂ ਕਾਰਨ ਅੱਗ ਨੇ ਪੂਰੇ ਮਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗਨੀਮਤ ਰਹੀ ਕਿ ਹਾਦਸੇ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਾਣਕਾਰੀ ਅਨੁਸਾਰ ਮਕਾਨ ਮਾਲਕ ਸ਼ਿਆਮ ਲਾਲ ਧੀਂਗੜਾ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ਗਏ ਹੋਏ ਸਨ। ਇਸ ਦੌਰਾਨ ਪੜੋਸੀਆਂ ਨੇ ਬੰਦ ਮਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੇ, ਮਕਾਨ ਅੰਦਰੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਪੜੋਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੀੜਤ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਅਧਿਕਾਰੀ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਦਮਕਲ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਪਹਿਲਾਂ ਭੇਜੀ ਗਈ ਛੋਟੀ ਗੱਡੀ ਤੋਂ ਇਲਾਵਾ ਵੱਡੀ ਫਾਇਰ ਬ੍ਰਿਗੇਡ ਗੱਡੀ ਵੀ ਮੌਕੇ ’ਤੇ ਬੁਲਾਈ ਗਈ। ਦੋਵਾਂ ਗੱਡੀਆਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਲਾਂਕਿ, ਜਦੋਂ ਤੱਕ ਅੱਗ ਬੁਝਾਈ ਗਈ, ਉਦੋਂ ਤੱਕ ਮਕਾਨ ਅੰਦਰ ਪਿਆ ਜ਼ਿਆਦਾਤਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਪੀੜਤ ਪਰਿਵਾਰ ਅਤੇ ਪੜੋਸੀਆਂ ਮੁਤਾਬਕ ਅੱਗ ਕਾਰਨ ਕਰੀਬ ਡੇਢ ਤੋਂ ਦੋ ਲੱਖ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਇਆ ਹੈ। ਫਾਇਰ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਕਾਰਨ ਗੈਸ ਲੀਕੇਜ ਮੰਨਿਆ ਜਾ ਰਿਹਾ ਹੈ। ਗੈਸ ਲੀਕੇਜ ਤੋਂ ਬਾਅਦ ਅੱਗ ਭੜਕਣ ਕਾਰਨ ਮਕਾਨ ਵਿੱਚ ਰੱਖੇ ਦੋ ਸਿਲੰਡਰ ਧਮਾਕੇ ਨਾਲ ਫਟ ਗਏ। ਉਨ੍ਹਾਂ ਦੱਸਿਆ ਕਿ ਮਕਾਨ ਬੰਦ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ। ਉਨ੍ਹਾਂ ਕਿਹਾ ਕਿ ਰਾਹਤ ਦੀ ਗੱਲ ਇਹ ਰਹੀ ਕਿ ਘਰ ਵਿੱਚ ਉਸ ਸਮੇਂ ਕੋਈ ਵਿਅਕਤੀ ਮੌਜੂਦ ਨਹੀਂ ਸੀ। ਪੀੜਤ ਪਰਿਵਾਰ ਨੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਅਤੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।