- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20 ਸਾਲ ਬਾਅਦ ਜੈਤੋ ਦੀਆਂ ਸੜਕਾਂ ’ਤੇ ਮੁੜ ਸਜੇਗੀ ਸ੍ਰੀ ਰਾਮ ਦੀ ਬਰਾਤ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜੈਤੋ : ਜੈਤੋ ਸ਼ਹਿਰ ਦੀ ਕਰੀਬ 100 ਸਾਲ ਪੁਰਾਣੀ ਧਾਰਮਿਕ ਅਤੇ ਸੱਭਿਆਚਾਰਕ ਸੰਸਥਾ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਇਸ ਵਾਰ ਦੀ ਸ੍ਰੀ ਰਾਮਲੀਲਾ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਦਾ ਸਭ ਤੋਂ ਵੱਡਾ ਆਕਰਸ਼ਣ ਕਰੀਬ 20 ਸਾਲ ਬਾਅਦ ਭਗਵਾਨ ਸ੍ਰੀ ਰਾਮ ਦੀ ਬਰਾਤ ਦਾ ਆਯੋਜਨ ਹੋਵੇਗਾ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਲੱਬ ਦੇ ਅਹੁਦੇਦਾਰਾਂ ਵੱਲੋਂ ਜੈਤੋ ਦੇ ਸੀਨੀਅਰ ਪੱਤਰਕਾਰਾਂ ਨਾਲ ਕੀਤੀ ਪ੍ਰੈਸ ਮਿਲਣੀ ਦੌਰਾਨ ਰਾਮਲੀਲਾ ਨਾਲ ਸਬੰਧਤ ਸਮੁੱਚੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਗਿਆ ਕਿ ਸ੍ਰੀ ਰਾਮਲੀਲਾ ਦਾ ਆਗਾਜ਼ 8 ਅਕਤੂਬਰ ਤੋਂ ਭਗਵਾਨ ਸ੍ਰੀ ਰਾਮ ਦੇ ਜਨਮ ਦੇ ਪ੍ਰਸੰਗ ਨਾਲ ਹੋਵੇਗਾ। ਇਸ ਤੋਂ ਬਾਅਦ ਰਾਮਾਇਣ ਨਾਲ ਸਬੰਧਤ ਵੱਖ-ਵੱਖ ਪ੍ਰਸੰਗ ਕਲਾਕਾਰਾਂ ਵੱਲੋਂ ਮੰਚ ’ਤੇ ਪੇਸ਼ ਕੀਤੇ ਜਾਣਗੇ। ਕਲੱਬ ਵੱਲੋਂ ਦੱਸਿਆ ਗਿਆ ਕਿ 10 ਅਕਤੂਬਰ ਨੂੰ ਭਗਵਾਨ ਸ੍ਰੀ ਰਾਮ ਦੀ ਬਰਾਤ ਪਾਵਨ ਧਾਮ ਕਾਲੂ ਰਾਮ ਦੀ ਬਗੀਚੀ ਤੋਂ ਸ਼ਾਮ 6 ਵਜੇ ਰਵਾਨਾ ਹੋਵੇਗੀ। ਬਰਾਤ ਜੈਤੋ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਰਾਤ 9 ਵਜੇ ਰਾਮਲੀਲਾ ਮੈਦਾਨ ਵਿੱਚ ਪਹੁੰਚੇਗੀ। ਲੰਬੇ ਅਰਸੇ ਬਾਅਦ ਹੋ ਰਹੇ ਇਸ ਵਿਸ਼ੇਸ਼ ਆਯੋਜਨ ਨੂੰ ਲੈ ਕੇ ਕਲੱਬ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰੈਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਰਾਮਲੀਲਾ ਦੇ ਸਫਲ ਮੰਚਨ ਲਈ ਸਟੇਜ, ਰੋਸ਼ਨੀ, ਸਾਊਂਡ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਸਿਰਫ਼ ਧਾਰਮਿਕ ਆਯੋਜਨ ਹੀ ਨਹੀਂ, ਸਗੋਂ ਸ਼ਹਿਰ ਦੀ ਪੁਰਾਣੀ ਸੱਭਿਆਚਾਰਕ ਪਰੰਪਰਾ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਰਾਮਲੀਲਾ ਵਿੱਚ ਪਹੁੰਚਣ ਅਤੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਪਾਟਿਲ, ਟੋਨੀ, ਮਿਊਜ਼ਿਕ ਡਾਇਰੈਕਟਰ ਸੋਨੂੰ ਵਰਮਾ, ਚੇਅਰਮੈਨ ਈਸ਼ਵਰ ਜਿੰਦਲ ਈਸ਼ੂ, ਵਾਈਸ ਚੇਅਰਮੈਨ ਨਰਿੰਦਰ ਸ਼ਰਮਾ ਨਿੰਦੀ, ਮਾਣਕ ਸ਼ਾਹ, ਨਰੇਸ਼ ਸ਼ਿਵਾ, ਨਰੇਸ਼ ਮਿੱਤਲ, ਸੁਨੀਲ ਗਰਗ ਫੈਟੀ, ਪਾਲਾ ਰਾਵਣ, ਟਿੰਕੂ ਢੱਲਾ, ਅੰਕੁਰ ਕੁਮਾਰ, ਵਿਜੇ ਲੂੰਬਾ, ਹਰਸ਼ ਲੂੰਬਾ, ਸੰਦੀਪ ਲੂੰਬਾ, ਸੋਨੂੰ ਸੂਰੀ, ਅਨਿਲ ਮਿੱਤਲ, ਅਮਨ ਬਾਂਸਲ, ਦਰਸ਼ਨ ਚੌਧਰੀ ਸਮੇਤ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।