- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20 ਸਵਾਲ-20 ਇਨਾਮ’ ਪ੍ਰਤੀਯੋਗਤਾ ਦਾ ਕਿਤਾਬਚਾ ਤੇ ਫੀਲੈਕਸ ਰਿਲੀਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘20 ਸਵਾਲ-20 ਇਨਾਮ’ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪ੍ਰਤੀਯੋਗਤਾ ਲਈ ਤਿਆਰ ਕੀਤਾ ਗਿਆ ਦੋ ਵਰਕਾ ਕਿਤਾਬਚਾ ਅਤੇ ਫੀਲੈਕਸ ਰਿਲੀਜ਼ ਕੀਤੇ ਗਏ। ਕਿਤਾਬਚਾ ਅਤੇ ਫੀਲੈਕਸ ਰਿਲੀਜ਼ ਕਰਨ ਦੀ ਰਸਮ ਭੁਪਿੰਦਰ ਕੌਰ ਖਾਲਸਾ, ਕਰਮਜੀਤ ਕੌਰ, ਰਣਜੀਤ ਕੌਰ, ਮਹਿੰਦਰ ਕੌਰ, ਗੁਰਮੀਤ ਕੌਰ ਅਤੇ ਰਾਜਿੰਦਰ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਮੌਜੂਦ ਬੱਚਿਆਂ ਨੂੰ ਕਿਤਾਬਚੇ ਵੀ ਵੰਡੇ ਗਏ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ. ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘20 ਸਵਾਲ-20 ਇਨਾਮ’ ਪ੍ਰਤੀਯੋਗਤਾ ਦਾ ਲੱਕੀ ਡਰਾਅ 11 ਅਕਤੂਬਰ, ਸ਼ਨਿੱਚਰਵਾਰ ਨੂੰ ਸ਼ਾਮ 4:30 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ, ਮੁਹੱਲਾ ਹਰਨਾਮਪੁਰਾ ਵਿਖੇ ਕੱਢਿਆ ਜਾਵੇਗਾ। ਜਿਨ੍ਹਾਂ ਪ੍ਰਤੀਯੋਗੀਆਂ ਦੇ ਸਾਰੇ 20 ਸਵਾਲਾਂ ਦੇ ਜਵਾਬ ਸਹੀ ਪਾਏ ਜਾਣਗੇ, ਉਨ੍ਹਾਂ ਨੂੰ ਲੱਕੀ ਡਰਾਅ ਰਾਹੀਂ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿੱਖੀ ਦੇ ਦੋ ਥੰਮ੍ਹ ਸੇਵਾ ਅਤੇ ਸਿਮਰਨ ਦੇ ਪੁੰਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਸੰਖੇਪ ਜੀਵਨ ਦਰਸ਼ਨ ਨਾਲ ਸਬੰਧਤ ਕਿਤਾਬਚਾ ਤਿਆਰ ਕਰਕੇ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਤਾਬਚਾ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਇਹ ਪ੍ਰਾਪਤ ਕਰ ਸਕਦੇ ਹਨ। ਲੈਕ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਆਪਣੇ ਜਵਾਬ 9 ਅਕਤੂਬਰ ਤੱਕ ਗੁਰਦੁਆਰਾ ਸਾਹਿਬ ਵਿਖੇ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਉਪਰਾਲੇ ਨਾਲ ਜੁੜਨ ਦੀ ਅਪੀਲ ਕੀਤੀ।