ਡਰਾਈ ਡੇਅ ਦੀਆਂ ਉੱਡੀਆਂ ਧੱਜੀਆਂ, ਸ਼ਾਮ ਹੁੰਦਿਆਂ ਖੁੱਲ੍ਹੇ ਠੇਕੇ ਫਰੀਦਕੋਟ 'ਚ ਡਰਾਈ ਡੇਅ ਦੀ ਉੱਡੀ ਧੱਜੀਆਂ, ਸ਼ਾਮ ਹੁੰਦਿਆਂ ਖੁੱਲ੍ਹ ਗਏ ਸ਼ਰਾਬ ਦੇ ਠੇਕੇ
Publish Date: Sat, 03 Oct 2026 05:15 PM (IST)
Updated Date: Sun, 04 Oct 2026 04:05 AM (IST)
2 ਅਕਤੂਬਰ ਦੀ ਸ਼ਾਮ ਠੇਕਿਆਂ ਤੇ ਮੁੜ ਨਜ਼ਰ ਆਈ ਰੌਣਕ; ਅਧਿਕਾਰੀਆਂ ਦੇ ਜਵਾਬਾਂ ਨੇ ਵਧਾਏ ਸਵਾਲ ਜਗਮੀਤ ਸਿੰਘ, ਪੰਜਾਬੀ ਜਾਗਰਣ ਫਰੀਦਕੋਟ : 2 ਅਕਤੂਬਰ ਨੂੰ ਡਰਾਈ ਡੇਅ ਹੋਣ ਦੇ ਬਾਵਜੂਦ ਫਰੀਦਕੋਟ ਸ਼ਹਿਰ ਦੇ ਕੁਝ ਹਿੱਸਿਆਂ ’ਚ ਸ਼ਾਮ ਸਮੇਂ ਸ਼ਰਾਬ ਦੇ ਠੇਕੇ ਖੁੱਲ੍ਹੇ ਨਜ਼ਰ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨ ਦੇ ਸਮੇਂ ਬੰਦ ਰਹੇ ਠੇਕਿਆਂ ਤੇ ਸ਼ਾਮ ਹੁੰਦਿਆਂ ਹੀ ਗਾਹਕਾਂ ਦੀ ਆਵਾਜਾਈ ਤੇ ਸ਼ਰਾਬ ਦੀ ਵਿਕਰੀ ਦਿਖਾਈ ਦੇਣ ਕਾਰਨ ਡਰਾਈ ਡੇਅ ਦੀ ਪਾਲਣਾ ਕਰਵਾਉਣ ਵਾਲੀ ਵਿਵਸਥਾ ’ਤੇ ਸਵਾਲ ਖੜ੍ਹੇ ਹੋਏ ਹਨ। ਮਾਮਲਾ ਸਿਰਫ਼ ਠੇਕਿਆਂ ਦੇ ਖੁੱਲ੍ਹਣ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਇਸ ਗੱਲ ਨੇ ਵੀ ਧਿਆਨ ਖਿੱਚਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸਬੰਧਤ ਵਿਭਾਗ ਵੱਲੋਂ ਮੌਕੇ ’ਤੇ ਕੀਤੀ ਗਈ ਕਾਰਵਾਈ ਸਪੱਸ਼ਟ ਤੌਰ ’ਤੇ ਸਾਹਮਣੇ ਨਹੀਂ ਆਈ। ਇਸ ਕਾਰਨ ਡਰਾਈ ਡੇਅ ਵਾਲੇ ਦਿਨ ਠੇਕਿਆਂ ਦੀ ਨਿਗਰਾਨੀ ਲਈ ਬਣਾਈ ਗਈ ਵਿਵਸਥਾ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ 2 ਅਕਤੂਬਰ ਦੀ ਸ਼ਾਮ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਣ ਸਬੰਧੀ ਜਾਣਕਾਰੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚਾਈ ਗਈ। ਇਸ ਦੌਰਾਨ ਜਦੋਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਮਨਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਡਰਾਈ ਡੇਅ ਦੇ ਨਿਯਮਾਂ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਵੈੱਬਸਾਈਟ ਤੋਂ ਨਿਯਮ ਚੈੱਕ ਕਰਨ ਦੀ ਗੱਲ ਕਹੀ। ਠੇਕੇ ਖੁੱਲ੍ਹੇ ਹੋਣ ਸਬੰਧੀ ਉਨ੍ਹਾਂ ਵੱਲੋਂ ਮਾਮਲਾ ਚੈੱਕ ਕਰਨ ਦੀ ਗੱਲ ਆਖੀ ਗਈ। ਹਾਲਾਂਕਿ ਇਸ ਤੋਂ ਬਾਅਦ ਵੀ ਕੁਝ ਸਮੇਂ ਤੱਕ ਠੇਕੇ ਖੁੱਲ੍ਹੇ ਹੋਣ ਦੀਆਂ ਸੂਚਨਾਵਾਂ ਸਾਹਮਣੇ ਆਉਂਦੀਆਂ ਰਹੀਆਂ। ਇਸ ਨੇ ਇਹ ਸਵਾਲ ਪੈਦਾ ਕੀਤਾ ਕਿ ਜੇਕਰ ਡਰਾਈ ਡੇਅ ਦੀ ਤਾਰੀਖ ਪਹਿਲਾਂ ਤੋਂ ਨਿਰਧਾਰਿਤ ਸੀ ਤਾਂ ਉਸ ਦਿਨ ਠੇਕਿਆਂ ਦੀ ਨਿਗਰਾਨੀ ਲਈ ਵਿਭਾਗ ਵੱਲੋਂ ਕੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮਾਮਲੇ ਸਬੰਧੀ ਅਗਲੇ ਦਿਨ ਐਕਸਾਈਜ਼ ਇੰਸਪੈਕਟਰ ਮਾਣਕ ਸਿੰਘ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਵੀ ਮਾਮਲੇ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ। ਅਜਿਹੇ ’ਚ ਹੁਣ ਮੁੱਖ ਸਵਾਲ ਇਹ ਬਣਦਾ ਹੈ ਕਿ ਡਰਾਈ ਡੇਅ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਕਿੰਨੀ ਨਿਗਰਾਨੀ ਕੀਤੀ ਗਈ ਤੇ ਉਲੰਘਣਾ ਦੀ ਸੂਚਨਾ ਮਿਲਣ ਮਗਰੋਂ ਕੀ ਕਾਰਵਾਈ ਕੀਤੀ ਗਈ। ਡਰਾਈ ਡੇਅ ਦੇ ਦਿਨ ਜੇਕਰ ਕਿਸੇ ਲਾਇਸੈਂਸੀ ਠੇਕੇ ਤੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਸਬੰਧੀ ਕਾਰਵਾਈ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੁੰਦੀ ਹੈ। ਇਸ ਲਈ ਵਿਭਾਗ ਵੱਲੋਂ ਇਹ ਸਪੱਸ਼ਟ ਕੀਤਾ ਜਾਣਾ ਜ਼ਰੂਰੀ ਹੈ ਕਿ 2 ਅਕਤੂਬਰ ਨੂੰ ਫਰੀਦਕੋਟ ਜ਼ਿਲ੍ਹੇ ’ਚ ਕੁੱਲ ਕਿੰਨੇ ਸ਼ਰਾਬ ਦੇ ਠੇਕਿਆਂ ਦੀ ਜਾਂਚ ਕੀਤੀ ਗਈ, ਕਿੰਨੇ ਠੇਕੇ ਬੰਦ ਮਿਲੇ ਤੇ ਕੀ ਕਿਸੇ ਠੇਕੇ ਖ਼ਿਲਾਫ਼ ਡਰਾਈ ਡੇਅ ਦੀ ਉਲੰਘਣਾ ਸਬੰਧੀ ਕਾਰਵਾਈ ਕੀਤੀ ਗਈ। ਇਸ ਪੂਰੇ ਮਾਮਲੇ ਵਿੱਚ ਹੁਣ ਗੇਂਦ ਆਬਕਾਰੀ ਵਿਭਾਗ ਦੇ ਪਾਲੇ ’ਚ ਹੈ। ਵਿਭਾਗ ਵੱਲੋਂ ਜੇਕਰ ਚੈਕਿੰਗ ਰਿਕਾਰਡ ਤੇ ਕੀਤੀ ਗਈ ਕਾਰਵਾਈ ਬਾਰੇ ਤੱਥ ਜਨਤਕ ਕੀਤੇ ਜਾਂਦੇ ਹਨ ਤਾਂ ਇਸ ਨਾਲ ਸਥਿਤੀ ਸਪੱਸ਼ਟ ਹੋ ਸਕਦੀ ਹੈ। ਫਿਲਹਾਲ 2 ਅਕਤੂਬਰ ਦੀ ਸ਼ਾਮ ਠੇਕਿਆਂ ਦੇ ਖੁੱਲ੍ਹਣ ਦੀਆਂ ਸਾਹਮਣੇ ਆਈਆਂ ਤਸਵੀਰਾਂ ਤੇ ਸ਼ਿਕਾਇਤ ਤੋਂ ਬਾਅਦ ਦੀ ਕਾਰਵਾਈ ਨੂੰ ਲੈ ਕੇ ਵਿਭਾਗ ਦੀ ਨਿਗਰਾਨੀ ਪ੍ਰਣਾਲੀ ਜ਼ਰੂਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ।