ਪਰਗਟ ਨੂੰ ਪੰਜਾਬ ਪ੍ਰਧਾਨ ਬਣਾਉਣ ’ਤੇ ਕਿੱਕੀ ਢਿੱਲੋਂ ਵੱਲੋਂ ਧੰਨਵਾਦ ਕਾਂਗਰਸ ਕਮੇਟੀ ਦੇ ਪ੍ਰਧਾਨ ਬਨਾਉਣ ਤੇ ਕਿੱਕੀ ਢਿੱਲੋਂ ਨੇ ਮੁਬਾਰਕਾ ਦਿੰਦੇ ਹੋਏ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਕੀਤਾ
Publish Date: Sat, 03 Oct 2026 04:41 PM (IST)
Updated Date: Sun, 04 Oct 2026 04:02 AM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੂੰ ਸੰਗਠਨਾਤਮਕ ਜ਼ਿੰਮੇਵਾਰੀਆਂ ਮਿਲਣ ’ਤੇ ਹਲਕਾ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ (ਕਿੱਕੀ ਢਿੱਲੋਂ) ਨੇ ਨਵੀਂ ਲੀਡਰਸ਼ਿਪ ਨੂੰ ਪੁਰਜ਼ੋਰ ਮੁਬਾਰਕਾਂ ਦਿੰਦੇ ਹੋਏ ਸਮੁੱਚੀ ਕਾਂਗਰਸ ਲੀਡਰਸ਼ਿਪ ਆਲ ਇੰਡੀਆ ਦਾ ਧੰਨਵਾਦ ਕੀਤਾ। ਪੰਜਾਬ ਕਾਂਗਰਸ ਕਮੇਟੀ ਦੇ ਜਨ. ਸਕੱਤਰ ਤੇ ਸਾਬਕਾ ਵਿਧਾਇਕ ਫ਼ਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੀ ਹਮਾਇਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਗਟ ਸਿੰਘ ਇੱਕ ਮਿਹਨਤੀ, ਇਮਾਨਦਾਰ ਤੇ ਜ਼ਮੀਨੀ ਪੱਧਰ ਤੇ ਜੁੜੇ ਹੋਏ ਆਗੂ ਹਨ। ਉਨ੍ਹਾਂ ਵੱਲੋਂ ਖੇਡਾਂ ਤੇ ਰਾਜਨੀਤੀ ਦੇ ਖੇਤਰ ’ਚ ਦਿੱਤੀਆਂ ਸੇਵਾਵਾਂ ਬੇਮਿਸਾਲ ਹਨ। ਢਿੱਲੋਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਅੰਦਰ ਇੱਕ ਨਵੀਂ ਊਰਜਾ ਦਾ ਸੰਚਾਰ ਹੋਵੇਗਾ ਤੇ ਪਾਰਟੀ ਨਵੀਆਂ ਬੁਲੰਦੀਆਂ ’ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੂੰ ਮਿਲੀ ਇਹ ਵੱਡੀ ਜ਼ਿੰਮੇਵਾਰੀ ਸੂਬੇ ’ਚ ਪਾਰਟੀ ਵਰਕਰਾਂ ਦਾ ਮਨੋਬਲ ਵਧਾਏਗੀ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਚੁੱਕੇਗੀ ਤੇ ਸੰਗਠਨ ਨੂੰ ਪਿੰਡ-ਪਿੰਡ ਤੇ ਢਾਣੀ-ਢਾਣੀ ਤੱਕ ਹੋਰ ਮਜ਼ਬੂਤ ਕੀਤਾ ਜਾਵੇਗਾ। ਕਿੱਕੀ ਢਿੱਲੋਂ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਤਜਰਬੇਕਾਰ ਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਜੋ ਸੂਬੇ ਦੇ ਭਲਾਈ ਕਾਰਜਾਂ ਤੇ ਲੋਕਾਂ ਦੇ ਮੁੱਦਿਆਂ ਤੇ ਡਟ ਕੇ ਪਹਿਰਾ ਦੇ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਪਰਗਟ ਸਿੰਘ ਆਪਣੇ ਸੁਚੱਜੇ ਪ੍ਰਸ਼ਾਸਨਿਕ ਤੇ ਰਾਜਨੀਤਕ ਤਜਰਬੇ ਦੀ ਬਦੌਲਤ ਪਾਰਟੀ ’ਚ ਇੱਕਜੁੱਟਤਾ ਕਾਇਮ ਰੱਖਦਿਆਂ ਪੰਜਾਬ ਕਾਂਗਰਸ ਨੂੰ ਇੱਕ ਨਵੀਂ ਦਿਸ਼ਾ ਦੇਣਗੇ। ਇਸ ਮੌਕੇ ਹਲਕਾ ਫਰੀਦਕੋਟ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ’ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕੁਸ਼ਲਦੀਪ ਸਿੰਘ ਢਿੱਲੋਂ ਦੀ ਇਸ ਪੂਰਨ ਹਮਾਇਤ ਨਾਲ ਇਲਾਕੇ ਦੇ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਹਾਈਕਮਾਂਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ।