ਨਸ਼ਾ ਛੱਡਣ ਦੇ ਚਾਹਵਾਨਾਂ ਲਈ ਅਰਸ਼ ਸੱਚਰ ਦਾ ਵੱਡਾ ਉਪਰਾਲਾ ਨਸ਼ਾ ਛੱਡਣ ਦੇ ਚਾਹਵਾਨਾਂ ਲਈ ਅਰਸ਼ ਸੱਚਰ ਦਾ ਵੱਡਾ ਉਪਰਾਲਾ
Publish Date: Sat, 03 Oct 2026 04:13 PM (IST)
Updated Date: Sun, 04 Oct 2026 04:02 AM (IST)
ਇਲਾਜ ਤੋਂ ਦਾਖਲੇ ਤੱਕ ਸੇਵਾ ਟੀਮ ਕਰੇਗੀ ਸਹਿਯੋਗ ਪਿੰਡਾਂ ਤੇ ਵਾਰਡਾਂ ਤੱਕ ਪਹੁੰਚੇਗੀ ‘ਨਸ਼ਾ ਮੁਕਤ ਫਰੀਦਕੋਟ ਮੁਹਿੰਮ’ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਰੀਦਕੋਟ : ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਅਰਸ਼ ਸੱਚਰ ਅਤੇ ਉਨ੍ਹਾਂ ਦੀ ਸੇਵਾ ਟੀਮ ਵੱਲੋਂ ‘ਨਸ਼ਾ ਮੁਕਤ ਫਰੀਦਕੋਟ ਮੁਹਿੰਮ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨੂੰ ਇਲਾਜ ਤੱਕ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਦੇ ਦਾਖਲੇ ਅਤੇ ਲੋੜੀਂਦੀ ਮਦਦ ਵਿੱਚ ਸਹਿਯੋਗ ਕਰਨਾ ਹੈ। ਮੁਹਿੰਮ ਤਹਿਤ ਸੇਵਾ ਟੀਮ ਵੱਲੋਂ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਦੌਰਾਨ ਅਜਿਹੇ ਪਰਿਵਾਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਨ੍ਹਾਂ ਦਾ ਕੋਈ ਮੈਂਬਰ ਨਸ਼ਾ ਛੱਡਣਾ ਚਾਹੁੰਦਾ ਹੈ, ਪਰ ਆਰਥਿਕ ਮੁਸ਼ਕਲਾਂ, ਇਲਾਜ ਸਬੰਧੀ ਜਾਣਕਾਰੀ ਦੀ ਘਾਟ ਜਾਂ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲੇ ਦੀ ਪ੍ਰਕਿਰਿਆ ਕਾਰਨ ਇਲਾਜ ਸ਼ੁਰੂ ਨਹੀਂ ਕਰਵਾ ਪਾ ਰਿਹਾ। ਅਰਸ਼ ਸੱਚਰ ਨੇ ਕਿਹਾ ਕਿ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਜਾਂ ਉਸਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਝਿਜਕ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸੇਵਾ ਟੀਮ ਵੱਲੋਂ ਲੋੜ ਅਨੁਸਾਰ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਸ਼ਾ ਮੁਕਤੀ ਕੇਂਦਰ ਅਤੇ ਹਸਪਤਾਲ ਵਿੱਚ ਇਲਾਜ ਕਰਵਾਉਣ ਅਤੇ ਦਾਖਲਾ ਦਿਵਾਉਣ ਲਈ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੋਗ ਅਤੇ ਆਰਥਿਕ ਤੌਰ ’ਤੇ ਲੋੜਵੰਦ ਮਾਮਲਿਆਂ ਵਿੱਚ ਇਲਾਜ ਦੇ ਖਰਚੇ ਲਈ ਵੀ ਸੇਵਾ ਦੇ ਰੂਪ ਵਿੱਚ ਮਦਦ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਸੰਪਰਕ ਕਰਨ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਅਨੁਸਾਰ ਨਸ਼ੇ ਨਾਲ ਜੂਝ ਰਹੇ ਵਿਅਕਤੀ ਨੂੰ ਸਮਾਜ ਤੋਂ ਦੂਰ ਕਰਨ ਦੀ ਬਜਾਏ ਉਸ ਨੂੰ ਇਲਾਜ ਅਤੇ ਮੁੜ ਵਸੇਬੇ ਦਾ ਮੌਕਾ ਦੇਣਾ ਜ਼ਰੂਰੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਨਹੀਂ, ਸਗੋਂ ਨਸ਼ਾ ਛੱਡਣ ਲਈ ਤਿਆਰ ਵਿਅਕਤੀ ਨੂੰ ਅਸਲ ਮਦਦ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਇਲਾਜ ਲਈ ਪ੍ਰੇਰਿਤ ਕਰਨ ਅਤੇ ਸੇਵਾ ਟੀਮ ਨਾਲ ਸੰਪਰਕ ਕਰਵਾਉਣ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ, “ਨਸ਼ਾ ਛੱਡਣ ਦਾ ਫੈਸਲਾ ਤੁਹਾਡਾ, ਇਲਾਜ ਤੱਕ ਪਹੁੰਚਾਉਣ ਵਿੱਚ ਸਾਥ ਸਾਡਾ।” ਇਸ ਸੇਵਾ ਲਈ ਜਾਰੀ ਕੀਤੇ ਸੰਪਰਕ ਨੰਬਰ 7780007878 ’ਤੇ ਸੰਪਰਕ ਕੀਤਾ ਜਾ ਸਕਦਾ ਹੈ।