- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਕੱਲੀ ਤੇ ਮੁਲਾਹਜ਼ੇਦਾਰ ਬਾਹਲ਼ੇ ਵਾਲ਼ੀ ਸਿਥਿਤੀ ਹੈ ਫ਼ਰੀਦਕੋਟ ਵਿੱਚ ਆਪ ਦੀ ਟਿਕਟ ਦੇ ਦਾਅਵੇਦਾਰਾਂ ਦੀ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਚੋਣਾਂ-2027 ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਲਈ ਦਾਅਵੇਦਾਰੀਆਂ ਅਤੇ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਫ਼ਰੀਦਕੋਟ ਵਿਧਾਨ ਸਭਾ ਹਲਕਾ ਵੀ ਇਸ ਤੋਂ ਅਛੂਤਾ ਨਹੀਂ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਇਸ ਹਲਕੇ ਤੋਂ ਕਈ ਆਗੂਆਂ ਵੱਲੋਂ ਟਿਕਟ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਕੀਤਾ ਜਾਣਾ ਹੈ, ਪਰ ਹਲਕੇ ਦੀ ਸਿਆਸਤ ਵਿੱਚ ਸੰਭਾਵਿਤ ਦਾਅਵੇਦਾਰਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਦੌੜ ਵਿੱਚ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਨਾਂ ਪ੍ਰਮੁੱਖ ਤੌਰ ’ਤੇ ਲਿਆ ਜਾ ਰਿਹਾ ਹੈ। ਸੇਖੋਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਮੌਜੂਦਾ ਵਿਧਾਇਕ ਹੋਣ ਕਾਰਨ ਹਲਕੇ ਵਿੱਚ ਉਨ੍ਹਾਂ ਦੀ ਜਾਣ-ਪਛਾਣ ਵੀ ਹੈ। ਪਾਰਟੀ ਦੇ ਸਥਾਨਕ ਵਰਕਰਾਂ ਅਤੇ ਸਮਰਥਕਾਂ ਵਿੱਚ ਉਨ੍ਹਾਂ ਦੀ ਸਰਗਰਮੀ ਨੂੰ ਦੇਖਦਿਆਂ ਉਨ੍ਹਾਂ ਨੂੰ ਮੁੜ ਟਿਕਟ ਦੇ ਸੰਭਾਵਿਤ ਦਾਅਵੇਦਾਰਾਂ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਅਰਸ਼ ਸੱਚਰ ਵੀ ਟਿਕਟ ਦੀ ਦੌੜ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਅਰਸ਼ ਸੱਚਰ ਪਹਿਲਾਂ ਕਾਂਗਰਸ ਨਾਲ ਜੁੜੇ ਰਹੇ ਹਨ ਅਤੇ ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਆਗੂਆਂ ਵਿੱਚ ਉਨ੍ਹਾਂ ਦਾ ਨਾਂ ਲਿਆ ਜਾਂਦਾ ਸੀ। ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਪਾਰਟੀ ਦੀਆਂ ਸਰਗਰਮੀਆਂ ਵਿੱਚ ਨਜ਼ਰ ਆਉਂਦੇ ਰਹੇ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੀ ਗੱਲ ਰੱਖਣ ਕਾਰਨ ਵੀ ਉਹ ਸਥਾਨਕ ਸਿਆਸੀ ਚਰਚਾ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਗਗਨਦੀਪ ਸਿੰਘ ਧਾਲੀਵਾਲ ਵੀ ਟਿਕਟ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਉਹ ਫ਼ਰੀਦਕੋਟ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਲੰਮੇ ਸਮੇਂ ਤੋਂ ਪਾਰਟੀ ਦੀਆਂ ਸਰਗਰਮੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪਾਰਟੀ ਜਥੇਬੰਦੀ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਹੈ ਅਤੇ ਉਹ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ। ਗੁਰਤੇਜ ਸਿੰਘ ਖੋਸਾ ਦਾ ਨਾਂ ਵੀ ਇਸ ਸੂਚੀ ਵਿੱਚ ਚਰਚਾ ਵਿੱਚ ਹੈ। ਖੋਸਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ-ਨਾਲ ਜ਼ਿਲ੍ਹਾ ਯੋਜਨਾ ਬੋਰਡ, ਫ਼ਰੀਦਕੋਟ ਦੇ ਚੇਅਰਮੈਨ ਹਨ। ਇਸ ਤੋਂ ਪਹਿਲਾਂ ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਪਾਰਟੀ ਸੰਗਠਨ ਵਿੱਚ ਅਹੁਦਿਆਂ ’ਤੇ ਰਹਿਣ ਕਾਰਨ ਉਹ ਵੀ ਫ਼ਰੀਦਕੋਟ ਹਲਕੇ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਲੇ ਆਗੂਆਂ ਵਿੱਚ ਗਿਣੇ ਜਾ ਰਹੇ ਹਨ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਸਾਦਿਕ ਦੀ ਨਵ-ਨਿਯੁਕਤ ਚੇਅਰਮੈਨ ਨੀਤੂ ਕਪੂਰ ਸਿੰਗਲਾ ਦਾ ਨਾਂ ਵੀ ਸੰਭਾਵਿਤ ਦਾਅਵੇਦਾਰਾਂ ਵਜੋਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਵੱਲੋਂ ਵੀ ਹਲਕੇ ਵਿੱਚ ਆਪਣੀ ਸਿਆਸੀ ਸਰਗਰਮੀ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫ਼ਰੀਦਕੋਟ ਹਲਕੇ ਵਿੱਚ ‘ਆਪ’ ਦੀ ਟਿਕਟ ਲਈ ਸਾਹਮਣੇ ਆ ਰਹੇ ਇਨ੍ਹਾਂ ਨਾਵਾਂ ਨੇ ਸਥਾਨਕ ਸਿਆਸੀ ਗਤੀਵਿਧੀਆਂ ਨੂੰ ਦਿਲਚਸਪ ਬਣਾ ਦਿੱਤਾ ਹੈ। ਫਿਲਹਾਲ ਪਾਰਟੀ ਵੱਲੋਂ ਕਿਸੇ ਵੀ ਦਾਅਵੇਦਾਰ ਦੇ ਨਾਂ ਨੂੰ ਅਧਿਕਾਰਤ ਤੌਰ ’ਤੇ ਉਮੀਦਵਾਰ ਨਹੀਂ ਐਲਾਨਿਆ ਗਿਆ। ਅੰਤਿਮ ਤੌਰ ’ਤੇ ਕਿਸ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਇਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਲਏ ਜਾਣ ਵਾਲੇ ਫ਼ੈਸਲੇ ’ਤੇ ਨਿਰਭਰ ਕਰੇਗਾ।