- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ’ਚ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮਖਮ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਸਮੇਤ ਵੱਖ-ਵੱਖ ਖੇਡ ਮੈਦਾਨਾਂ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜਾਰੀ ਹਨ। ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਵੱਖ-ਵੱਖ ਥਾਵਾਂ ’ਤੇ ਹੋ ਰਹੇ ਮੁਕਾਬਲੇ: ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਨਹਿਰੂ ਸਟੇਡੀਅਮ ਫ਼ਰੀਦਕੋਟ, ਸਰਕਾਰੀ ਬਲਵੀਰ ਸਕੂਲ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਕਰਵਾਏ ਜਾ ਰਹੇ ਹਨ। ਚੈੱਸ ਦੇ ਮੁਕਾਬਲੇ ਡਾ. ਮਹਿੰਦਰ ਸਿੰਘ ਸਾਂਭੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋ ਰਹੇ ਹਨ। ਖੇਡਾਂ ਦੀ ਗਿਣਤੀ: ਜ਼ਿਲ੍ਹਾ ਪੱਧਰ ’ਤੇ ਅਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ, ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਤੈਰਾਕੀ, ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਸਮੇਤ 20 ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 5 ਅਕਤੂਬਰ ਤੱਕ ਜਾਰੀ ਰਹਿਣਗੇ। ਹੈਂਡਬਾਲ ਅੰਡਰ-14 ਲੜਕੀਆਂ: ਹੈਂਡਬਾਲ ਦੇ ਅੰਡਰ-14 ਲੜਕੀਆਂ ਵਰਗ ਵਿੱਚ ਹੈਂਡਬਾਲ ਕੋਚਿੰਗ ਸੈਂਟਰ ਫ਼ਰੀਦਕੋਟ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਹੈਂਡਬਾਲ ਕੋਚਿੰਗ ਸੈਂਟਰ ਫ਼ਰੀਦਕੋਟ ਅਤੇ ਵਿਵੇਕ ਪਬਲਿਕ ਸਕੂਲ ਬਰਗਾੜੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਅੰਡਰ-17 ਲੜਕੀਆਂ: ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਹੈਂਡਬਾਲ ਕੋਚਿੰਗ ਸੈਂਟਰ ਫ਼ਰੀਦਕੋਟ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਵਿਵੇਕ ਪਬਲਿਕ ਸਕੂਲ ਬਰਗਾੜੀ ਦੀ ਟੀਮ ਤੀਜੇ ਸਥਾਨ ’ਤੇ ਰਹੀ। ਹੈਂਡਬਾਲ ਅੰਡਰ-21 ਲੜਕੀਆਂ: ਅੰਡਰ-21 ਲੜਕੀਆਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਵੀ ਹੈਂਡਬਾਲ ਕੋਚਿੰਗ ਸੈਂਟਰ ਫ਼ਰੀਦਕੋਟ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 ਲੜਕੀਆਂ: ਫੁੱਟਬਾਲ ਦੇ ਅੰਡਰ-14 ਲੜਕੀਆਂ ਵਰਗ ਵਿੱਚ ਵੈਸਟ ਪੁਆਇੰਟ ਨੇ ਪਹਿਲਾ ਸਥਾਨ ਹਾਸਲ ਕੀਤਾ। ਤਾਜ ਪਬਲਿਕ ਸਕੂਲ ਜ਼ੰਡ ਸਾਹਿਬ ਦੀ ਟੀਮ ਦੂਜੇ ਅਤੇ ਘਣੀਏ ਵਾਲਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਬਾਸਕਿਟਬਾਲ ਅੰਡਰ-14 ਲੜਕੀਆਂ: ਬਾਸਕਿਟਬਾਲ ਦੇ ਅੰਡਰ-14 ਲੜਕੀਆਂ ਵਰਗ ਵਿੱਚ ਸਰਕਾਰੀ ਸਕੂਲ ਢਿੱਲਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵੈਸਟ ਪੁਆਇੰਟ ਸਕੂਲ ਕੋਟਕਪੂਰਾ ਦੂਜੇ ਅਤੇ ਚੰਦਾ ਸਿੰਘ ਮਰਵਾਹ ਗਰਲਜ਼ ਸਕੂਲ ਕੋਟਕਪੂਰਾ ਤੀਜੇ ਸਥਾਨ ’ਤੇ ਰਿਹਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਮੁਕਾਬਲੇ ਦਾ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਹੈ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਖਿਡਾਰੀਆਂ ਨੂੰ ਅਗਲੇ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।