- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਬੰਦ ਹੋਣ ਕਾਰਨ ਫਰੀਦਕੋਟ ਦੇ 4 ਪੋਲਿੰਗ ਬੂਥਾਂ ਦੀ ਲੋਕੇਸ਼ਨ ਬਦਲਣ ਦੀ ਤਿਆਰੀ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇੱਕ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਬਦਲਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕਮਲਾ ਨਹਿਰੂ ਜੈਨ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਫ਼ਰੀਦਕੋਟ, ਜਿੱਥੇ ਪੋਲਿੰਗ ਬੂਥ ਨੰਬਰ 192, 193, 194 ਅਤੇ 195 ਸਥਾਪਤ ਹਨ, ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਇਨ੍ਹਾਂ ਚਾਰਾਂ ਬੂਥਾਂ ਲਈ ਨਵੀਂ ਪੋਲਿੰਗ ਲੋਕੇਸ਼ਨ ਦੀ ਲੋੜ ਪੈਦਾ ਹੋਈ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਬੂਥਾਂ ਲਈ ਨਿਊ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਨੂੰ ਨਵੀਂ ਪੋਲਿੰਗ ਲੋਕੇਸ਼ਨ ਵਜੋਂ ਚਿੰਨ੍ਹਤ ਕੀਤਾ ਗਿਆ ਹੈ। ਇਸ ਪ੍ਰਸਤਾਵ ’ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਗਏ। ਮੀਟਿੰਗ ਵਿੱਚ ਕਿਸੇ ਵੀ ਪਾਰਟੀ ਵੱਲੋਂ ਇਤਰਾਜ਼ ਨਹੀਂ ਕੀਤਾ ਗਿਆ ਅਤੇ ਨਵੀਂ ਲੋਕੇਸ਼ਨ ਲਈ ਸਹਿਮਤੀ ਪ੍ਰਗਟਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਤੋਂ ਬਾਅਦ ਨਵੀਂ ਪੋਲਿੰਗ ਲੋਕੇਸ਼ਨ ਸਬੰਧੀ ਪ੍ਰਸਤਾਵ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਰਾਹੀਂ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਨੂੰ ਅੰਤਿਮ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਇਸ ਮੌਕੇ ਚੋਣ ਤਹਿਸੀਲਦਾਰ ਪੂਨਮ ਸਿੱਧੂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਗੁਰਤੇਜ ਸਿੰਘ ਖੋਸਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਭਜਨ ਸਿੰਘ ਸੰਧੂ, ਕਮਿਊਨਿਸਟ ਪਾਰਟੀ ਆਫ ਇੰਡੀਆ (ਐੱਮ) ਦੇ ਠਾਕਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਮਨਦੀਪ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਦੇ ਦਰਸ਼ਨ ਸਿੰਘ ਹਾਜ਼ਰ ਰਹੇ। ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 511 ਤੋਂ ਵਧ ਕੇ 553 ਜ਼ਿਲ੍ਹਾ ਚੋਣ ਦਫ਼ਤਰ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 511 ਤੋਂ ਵਧ ਕੇ 553 ਹੋ ਗਈ ਹੈ। ਵਿਧਾਨ ਸਭਾ ਹਲਕਾ 87-ਫ਼ਰੀਦਕੋਟ ਵਿੱਚ ਇਹ ਗਿਣਤੀ 185 ਤੋਂ ਵਧ ਕੇ 210, ਹਲਕਾ 88-ਕੋਟਕਪੂਰਾ ਵਿੱਚ 167 ਤੋਂ ਵਧ ਕੇ 179 ਅਤੇ ਹਲਕਾ 89-ਜੈਤੋਂ ਵਿੱਚ 159 ਤੋਂ ਵਧ ਕੇ 164 ਹੋਈ ਹੈ। ਇਸ ਤਹਿਤ ਜ਼ਿਲ੍ਹੇ ਵਿੱਚ ਕੁੱਲ 42 ਨਵੇਂ ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।