- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਵਿੱਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ

ਗੁਰੂ ਜੀ ਦੇ ਜੀਵਨ, ਫਲਸਫ਼ੇ ਤੇ ਸਿੱਖਿਆਵਾਂ ਸਬੰਧੀ ਦਿੱਤੀ ਪੇਸ਼ਕਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਕੋਟਕਪੂਰਾ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਵਿਖੇ ਹੋਏ ਇਸ ਸਮਾਗਮ ਦੌਰਾਨ ਆਕਾਸ਼ ਵਿੱਚ ਸੈਂਕੜੇ ਡਰੋਨਾਂ ਰਾਹੀਂ ਬਣਾਈਆਂ ਗਈਆਂ ਰੌਸ਼ਨ ਆਕ੍ਰਿਤੀਆਂ ਨੇ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਅਤੇ ਮਹਾਨ ਸਿੱਖਿਆਵਾਂ ਨੂੰ ਰੌਸ਼ਨੀ ਦੀ ਮਨਮੋਹਕ ਪੇਸ਼ਕਾਰੀ ਰਾਹੀਂ ਦਰਸਾਇਆ ਗਿਆ। ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਇਸ ਵਿਲੱਖਣ ਪੇਸ਼ਕਾਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਿਆ। ਆਕਾਸ਼ ਵਿੱਚ ਚਮਕਦੀਆਂ ਰੌਸ਼ਨ ਆਕ੍ਰਿਤੀਆਂ ਅਤੇ ਗੁਰਬਾਣੀ ਦੇ ਕੀਰਤਨ ਨੇ ਪੂਰੇ ਮਾਹੌਲ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਰਾਗੀ ਜਥਾ ਭਾਈ ਸਤਪਾਲ ਸਿੰਘ ਅਤੇ ਸਾਥੀ ਬਾਘਾਪੁਰਾਣਾ ਵੱਲੋਂ ਗੁਰਬਾਣੀ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਸਮਾਜਿਕ ਬਰਾਬਰੀ ਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਇਆ ਗਿਆ। ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਨ੍ਹਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸੂਬੇ ਭਰ ਵਿੱਚ ਡਰੋਨ ਸ਼ੋਅ, ਡਾਕੂਮੈਂਟਰੀਆਂ ਅਤੇ ਹੋਰ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਰੋਨ ਸ਼ੋਅ ਰਾਹੀਂ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ। ਐਸਡੀਐਮ ਰਾਜਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਅਗਵਾਈ ਹੇਠ ਪ੍ਰਸ਼ਾਸਨ ਵੱਲੋਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸੁਰੱਖਿਆ, ਟ੍ਰੈਫਿਕ ਅਤੇ ਸੰਗਤ ਦੀ ਸਹੂਲਤ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਸਾਂਝੀਵਾਲਤਾ ਅਤੇ ਮਨੁੱਖੀ ਸਨਮਾਨ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਲੰਗਰ ਕਮੇਟੀ, ਸਫ਼ਾਈ ਕਮੇਟੀ ਅਤੇ ਜੋੜਾ ਘਰ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨ ਵੀਰਪਾਲ ਕੌਰ, ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਯੂਥ ਵਿੰਗ ਆਗੂ ਸੁਖਵੰਤ ਸਿੰਘ ਪੱਕਾ, ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਐਮਸੀ ਸਿਮਰਨਜੀਤ ਸਿੰਘ, ਈਓ ਅੰਮ੍ਰਿਤ ਲਾਲ, ਹੁਕਮ ਚੰਦ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।