- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਸ਼ੁਰੂ, ਮੰਡੀਆਂ ਦੇ ਅਧੂਰੇ ਪ੍ਰਬੰਧ ਬਣੇ ਚਿੰਤਾ ਦਾ ਕਾਰਨ

ਪ੍ਰਸ਼ਾਸਨ ਨੇ ਮਿੱਥਿਆ 6.67 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ 1 ਅਕਤੂਬਰ ਤੋਂ ਖਰੀਦ ਸ਼ੁਰੂ ਹੋਣੀ ਹੈ, ਪਰ ਮੰਡੀਆਂ ਵਿੱਚ ਮੁੱਢਲੀਆਂ ਸਹੂਲਤਾਂ ਦੇ ਅਧੂਰੇ ਪ੍ਰਬੰਧ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ। ਜ਼ਿਲ੍ਹੇ ਦੀਆਂ ਕਈ ਅਨਾਜ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਰੋਸ਼ਨੀ ਅਤੇ ਪਖਾਨਿਆਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਏ। ਦੂਜੇ ਪਾਸੇ ਸ਼ੈਲਰ ਮਾਲਕਾਂ ਵੱਲੋਂ 1 ਤੋਂ 10 ਅਕਤੂਬਰ ਤੱਕ ਹੜਤਾਲ ਦੇ ਐਲਾਨ ਨੇ ਖਰੀਦ ਪ੍ਰਬੰਧਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਸ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਕਰੀਬ 6.67 ਲੱਖ ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਫਸਲ ਦੀ ਆਮਦ ਵਧਣ ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਗਿਣਤੀ ਵੀ ਵਧੇਗੀ। ਅਜਿਹੇ ਵਿੱਚ ਜੇਕਰ ਬੁਨਿਆਦੀ ਸਹੂਲਤਾਂ ਸਮੇਂ ਸਿਰ ਉਪਲਬਧ ਨਾ ਹੋਈਆਂ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖਾਸੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ।
ਰਾਤ ਕੱਟਣ ਵਾਲੇ ਕਿਸਾਨਾਂ ਲਈ ਵਧੇਗੀ ਮੁਸ਼ਕਲ
ਕਈ ਵਾਰ ਫਸਲ ਦੀ ਤੁਲਾਈ ਜਾਂ ਖਰੀਦ ਵਿੱਚ ਦੇਰੀ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰਾਤ ਵੀ ਗੁਜ਼ਾਰਨੀ ਪੈਂਦੀ ਹੈ। ਅਜਿਹੇ ਹਾਲਾਤ ਵਿੱਚ ਰੋਸ਼ਨੀ ਅਤੇ ਪਖਾਨਿਆਂ ਦੀ ਘਾਟ ਵੱਡੀ ਸਮੱਸਿਆ ਬਣ ਸਕਦੀ ਹੈ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਵੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੀ ਮੰਗ ਹੈ ਕਿ ਫਸਲ ਦੀ ਆਮਦ ਵਧਣ ਤੋਂ ਪਹਿਲਾਂ ਮੰਡੀਆਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ।
ਸ਼ੈਲਰਾਂ ’ਚ ਥਾਂ ਦੀ ਘਾਟ ਬਣੀ ਵੱਡੀ ਚੁਣੌਤੀ
ਝੋਨੇ ਦੀ ਖਰੀਦ ਦੇ ਨਾਲ ਹੀ ਸ਼ੈਲਰ ਮਾਲਕਾਂ ਦੀ ਹੜਤਾਲ ਦਾ ਮਸਲਾ ਵੀ ਸਾਹਮਣੇ ਆ ਗਿਆ ਹੈ। ਸ਼ੈਲਰ ਮਾਲਕਾਂ ਦਾ ਦਾਅਵਾ ਹੈ ਕਿ ਪਿਛਲੇ ਸਾਲ ਦਾ ਝੋਨਾ ਅਜੇ ਪੂਰੀ ਤਰ੍ਹਾਂ ਸ਼ੈਲਰਾਂ ਤੋਂ ਨਹੀਂ ਚੁੱਕਿਆ ਗਿਆ। ਇਸ ਤੋਂ ਇਲਾਵਾ ਕਣਕ ਦੇ ਸੀਜ਼ਨ ਦੌਰਾਨ ਸ਼ੈਲਰਾਂ ਵਿੱਚ ਰੱਖੀਆਂ ਗਈਆਂ ਕਣਕ ਦੀਆਂ ਬੋਰੀਆਂ ਵੀ ਅਜੇ ਪਈਆਂ ਹਨ। ਸ਼ੈਲਰ ਮਾਲਕਾਂ ਅਨੁਸਾਰ ਇਕੱਲੇ ਫ਼ਰੀਦਕੋਟ ਵਿੱਚ ਕਰੀਬ 15 ਲੱਖ ਬੋਰੀਆਂ ਪਈਆਂ ਹੋਣ ਕਾਰਨ ਨਵੇਂ ਝੋਨੇ ਦੀ ਸਟੋਰੇਜ ਲਈ ਥਾਂ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸੇ ਕਾਰਨ ਸ਼ੈਲਰ ਮਾਲਕਾਂ ਨੇ 1 ਤੋਂ 10 ਅਕਤੂਬਰ ਤੱਕ ਹੜਤਾਲ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਅਣ-ਪ੍ਰਮਾਣਿਤ ਬੀਜਾਂ ਤੋਂ ਤਿਆਰ ਝੋਨੇ ਦੀ ਮਿਲਿੰਗ 'ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਸ਼ੈਲਰ ਮਾਲਕਾਂ ਦਾ ਤਰਕ ਹੈ ਕਿ ਕੁਝ ਅਜਿਹੀਆਂ ਕਿਸਮਾਂ ਦੇ ਚਾਵਲ ਵਿੱਚ ਟੁੱਟਣ ਦੀ ਮਾਤਰਾ ਵੱਧ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਾਰਕੀਟ ਕਮੇਟੀ ਨੇ ਦਿੱਤਾ ਪ੍ਰਬੰਧ ਮੁਕੰਮਲ ਕਰਨ ਦਾ ਭਰੋਸਾ
ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੀ ਅਨਾਜ ਮੰਡੀ ਵਿੱਚ ਪਾਣੀ ਸਮੇਤ ਲੋੜੀਂਦੇ ਪ੍ਰਬੰਧ ਸਵੇਰ ਤੱਕ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹੋਰ ਖਰੀਦ ਕੇਂਦਰਾਂ ਵਿੱਚ ਫਸਲ ਦੀ ਆਮਦ ਦੇ ਹਿਸਾਬ ਨਾਲ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਅਨੁਸਾਰ ਪਹਿਲਾਂ ਹੀ ਲਾਈਟਾਂ ਆਦਿ ਲਗਾਉਣ 'ਤੇ ਚੋਰੀ ਹੋਣ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਫਸਲ ਦੀ ਆਮਦ ਮੁਤਾਬਕ ਇਹ ਪ੍ਰਬੰਧ ਕੀਤੇ ਜਾਂਦੇ ਹਨ।