ਮੈਡੀਕਲ ਹਸਪਤਾਲ ’ਚ ਓਪੀਡੀ ਦਾ ਸਮਾਂ 9 ਤੋਂ 5 ਕਰਨ ਦੀ ਮੰਗ ਮੈਡੀਕਲ ਹਸਪਤਾਲ ਵਿੱਚ ਓਪੀਡੀ ਸਮਾਂ 9 ਤੋਂ 5 ਵਜੇ ਹੋਵੇ
Publish Date: Wed, 30 Sep 2026 04:21 PM (IST)
Updated Date: Wed, 30 Sep 2026 04:22 PM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਮੈਡੀਕਲ ਹਸਪਤਾਲ, ਫ਼ਰੀਦਕੋਟ ਵਿੱਚ ਮੁੱਖ ਅਤੇ ਮਾਹਿਰ ਡਾਕਟਰਾਂ ਦੀਆਂ ਬਾਹਰੀ ਮਰੀਜ਼ ਸੇਵਾਵਾਂ (ਓਪੀਡੀ) ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਯਕੀਨੀ ਬਣਾਇਆ ਜਾਵੇ। ਅਰਸ਼ ਸੱਚਰ ਨੇ ਕਿਹਾ ਕਿ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਸਿਰਫ਼ ਜ਼ਿਲ੍ਹੇ ਹੀ ਨਹੀਂ, ਸਗੋਂ ਆਸ-ਪਾਸ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਪਹੁੰਚਦੇ ਹਨ। ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣ ਲਈ ਕਈ ਮਰੀਜ਼ਾਂ ਨੂੰ 50 ਤੋਂ 100 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਬਜ਼ੁਰਗਾਂ, ਦਿਵਿਆਂਗਾਂ, ਔਰਤਾਂ, ਬੱਚਿਆਂ ਅਤੇ ਸਰਕਾਰੀ ਆਵਾਜਾਈ ਤੇ ਨਿਰਭਰ ਪਰਿਵਾਰਾਂ ਲਈ ਸੀਮਤ ਸਮੇਂ ਵਿੱਚ ਪਰਚੀ ਬਣਵਾਉਣ, ਡਾਕਟਰ ਨੂੰ ਦਿਖਾਉਣ, ਲੋੜੀਂਦੀਆਂ ਜਾਂਚਾਂ ਕਰਵਾਉਣ ਅਤੇ ਦਵਾਈ ਲੈਣ ਦੀ ਪ੍ਰਕਿਰਿਆ ਪੂਰੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਕਈ ਵਾਰ ਮਰੀਜ਼ਾਂ ਨੂੰ ਬਿਨਾਂ ਪੂਰਾ ਇਲਾਜ ਕਰਵਾਏ ਵਾਪਸ ਪਰਤਣਾ ਪੈਂਦਾ ਹੈ। ਅਰਸ਼ ਸੱਚਰ ਨੇ ਸੁਝਾਅ ਦਿੱਤਾ ਕਿ ਮੁੱਖ ਅਤੇ ਮਾਹਿਰ ਡਾਕਟਰਾਂ ਦੀ ਉਪਲਬਧਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਾਰੀ-ਵਾਰ ਡਿਊਟੀ ਪ੍ਰਣਾਲੀ ਰਾਹੀਂ ਯਕੀਨੀ ਬਣਾਈ ਜਾਵੇ। ਇਸ ਨਾਲ ਕਿਸੇ ਇੱਕ ਡਾਕਟਰ ਤੇ ਵਾਧੂ ਬੋਝ ਪਾਏ ਬਿਨਾਂ ਮਰੀਜ਼ਾਂ ਨੂੰ ਵਧੇਰੇ ਸਮਾਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਅਤੇ ਐਮਰਜੈਂਸੀ, ਆਪਰੇਸ਼ਨ, ਵਾਰਡਾਂ ਦੀ ਦੇਖਭਾਲ ਤੇ ਮੈਡੀਕਲ ਸਿੱਖਿਆ ਦਾ ਕੰਮ ਵੀ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਮਰੀਜ਼ਾਂ ਦੀ ਸਹੂਲਤ ਲਈ ਪਰਚੀ ਕਾਊਂਟਰ, ਜਾਂਚ ਕੇਂਦਰ, ਐਕਸ-ਰੇ, ਹੋਰ ਡਾਇਗਨੋਸਟਿਕ ਸੇਵਾਵਾਂ ਅਤੇ ਸਰਕਾਰੀ ਦਵਾਈ ਕੇਂਦਰ ਦਾ ਸਮਾਂ ਵੀ ਓਪੀਡੀ ਦੇ ਅਨੁਕੂਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੂਰੋਂ ਆਉਣ ਵਾਲੇ ਮਰੀਜ਼ਾਂ ਨੂੰ ਇੱਕੋ ਦਿਨ ਵੱਧ ਤੋਂ ਵੱਧ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਅਰਸ਼ ਸੱਚਰ ਨੇ ਕਿਹਾ ਕਿ 50 ਤੋਂ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਰਕਾਰੀ ਹਸਪਤਾਲ ਪਹੁੰਚਣ ਵਾਲੇ ਮਰੀਜ਼ ਨੂੰ ਸਿਰਫ਼ ਸਮਾਂ ਖ਼ਤਮ ਹੋਣ ਕਾਰਨ ਬਿਨਾਂ ਇਲਾਜ ਵਾਪਸ ਨਹੀਂ ਮੁੜਨਾ ਚਾਹੀਦਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਮਰੀਜ਼ਾਂ ਦੀ ਸਹੂਲਤ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਓਪੀਡੀ ਸੇਵਾਵਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਯਕੀਨੀ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।