- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਖੇਤਰ ਲਈ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਵੱਲੋਂ ਪਾਵਰਕਾਮ ਦਫ਼ਤਰ ਦਾ ਘਿਰਾਓ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਖੇਤਰ ਵਿੱਚ ਕੀਤੀ ਜਾ ਰਹੀ ਅਣਐਲਾਨੀ ਬਿਜਲੀ ਕਟੌਤੀ ਦੇ ਵਿਰੋਧ ਵਿੱਚ ਪਾਵਰਕਾਮ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀਬਾੜੀ ਲਈ ਲੋੜੀਂਦੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ ਕਰੀਬ 20 ਦਿਨਾਂ ਤੋਂ ਸੂਬੇ ਵਿੱਚ ਬਿਜਲੀ ਦੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ। ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਪੱਧਰ ’ਤੇ ਕਿਸਾਨਾਂ ਨੂੰ ਕੇਵਲ 3 ਤੋਂ 4 ਘੰਟੇ ਹੀ ਬਿਜਲੀ ਮਿਲ ਰਹੀ ਹੈ। ਇਸ ਕਾਰਨ ਝੋਨੇ ਦੀ ਫ਼ਸਲ ਸੁੱਕਣ ਦੀ ਕਗਾਰ ’ਤੇ ਪਹੁੰਚ ਗਈ ਹੈ ਅਤੇ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਿਸਾਨ ਆਗੂ ਭੁਪਿੰਦਰ ਸਿੰਘ ਔਲਖ, ਸੁਰਜੀਤ ਸਿੰਘ ਬਰਾੜ, ਸੁਖਦੇਵ ਸਿੰਘ ਫੌਜੀ, ਰੁਖਪਾਲ ਸਿੰਘ ਬਰਾੜ, ਡਿਪਟੀ ਸਿੰਘ ਨੱਥੇਵਾਲਾ, ਰਾਜਵੀਰ ਸਿੰਘ ਗਿੱਲ ਅਤੇ ਪੈਨਸ਼ਨਰ ਆਗੂ ਵੀਰ ਇੰਦਰਜੀਤ ਸਿੰਘ ਪੁਰੀ ਨੇ ਕਿਹਾ ਕਿ ਮਾਨਸੂਨ ਦੀ ਕਮੀ ਕਾਰਨ ਇਸ ਸੀਜ਼ਨ ਵਿੱਚ ਝੋਨੇ ਦੀ ਫ਼ਸਲ ਪਹਿਲਾਂ ਹੀ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਸਮੇਂ ਵਿੱਚ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਖੇਤਰ ਲਈ ਲਗਾਤਾਰ ਅਤੇ ਲੋੜ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਧਰਨਿਆਂ ਦੇ ਸੱਦੇ ਤੋਂ ਬਾਅਦ ਬਿਜਲੀ ਸਪਲਾਈ ਵਿੱਚ ਕੁਝ ਸੁਧਾਰ ਜ਼ਰੂਰ ਹੋਇਆ ਹੈ, ਪਰ ਕਿਸਾਨਾਂ ਦੀ ਮੰਗ ਹੈ ਕਿ ਲੋੜੀਂਦੀ ਬਿਜਲੀ ਸਪਲਾਈ ਲਗਾਤਾਰ ਜਾਰੀ ਰੱਖੀ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਕਮੀ ਕਾਰਨ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਜਾਂ ਪੈਦਾਵਾਰ ਵਿੱਚ ਕਮੀ ਆਈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਫ਼ਸਲ ਦੇ ਨੁਕਸਾਨ ਦੀ ਭਰਪਾਈ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।