- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਮਾਰਕੀਟ ਕਮੇਟੀ ਅਧੀਨ ਪੈਂਦੇ ਪਿੰਡ ਡੋਡ ਦੇ ਝੋਨਾ ਖ਼ਰੀਦ ਕੇਂਦਰ ਵਿੱਚ ਸ਼ਨੀਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਝੋਨੇ ਦੀ ਸਫ਼ਾਈ ਕਰਦਿਆਂ ਪੱਖੇ ਵਿੱਚ ਚੁੰਨੀ ਫਸ ਜਾਣ ਕਾਰਨ ਮਹਿਲਾ ਮਜ਼ਦੂਰ ਵੀਰਪਾਲ ਕੌਰ (37), ਪਤਨੀ ਗੁਰਮੀਤ ਸਿੰਘ ਦੀ ਮੌਤ ਹੋ ਗਈ।

ਭੋਲ਼ਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜੈਤੋ ਮਾਰਕੀਟ ਕਮੇਟੀ ਅਧੀਨ ਪੈਂਦੇ ਪਿੰਡ ਡੋਡ ਦੇ ਝੋਨਾ ਖ਼ਰੀਦ ਕੇਂਦਰ ਵਿੱਚ ਸ਼ਨੀਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਝੋਨੇ ਦੀ ਸਫ਼ਾਈ ਕਰਦਿਆਂ ਪੱਖੇ ਵਿੱਚ ਚੁੰਨੀ ਫਸ ਜਾਣ ਕਾਰਨ ਮਹਿਲਾ ਮਜ਼ਦੂਰ ਵੀਰਪਾਲ ਕੌਰ (37), ਪਤਨੀ ਗੁਰਮੀਤ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਮ੍ਰਿਤਕਾ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਝੋਨੇ ਦੇ ਸੀਜ਼ਨ ਦੌਰਾਨ ਵੀਰਪਾਲ ਕੌਰ ਖ਼ਰੀਦ ਕੇਂਦਰ ਵਿੱਚ ਪੱਖੇ ਦੀ ਮਦਦ ਨਾਲ ਝੋਨੇ ਦੀ ਸਫ਼ਾਈ ਕਰ ਰਹੀ ਸੀ। ਇਸੇ ਦੌਰਾਨ ਉਸ ਦੀ ਚੁੰਨੀ ਪੱਖੇ ਵਿੱਚ ਫਸ ਗਈ ਅਤੇ ਗਲੇ ’ਤੇ ਖਿੱਚ ਪੈਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਰੱਖਿਆ ਪ੍ਰਬੰਧਾਂ ਬਾਰੇ ਉੱਠੇ ਸਵਾਲ
ਪਰਿਵਾਰਕ ਜਾਣਕਾਰੀ ਅਨੁਸਾਰ, ਜਿਸ ਫੜ੍ਹ ’ਤੇ ਵੀਰਪਾਲ ਕੌਰ ਕੰਮ ਕਰ ਰਹੀ ਸੀ, ਉਹ ਜੈਤੋ ਦੇ ਆੜ੍ਹਤੀਏ ਨਵਲ ਕਾਂਤ ਐਂਡ ਫਾਰਮ ਨਾਲ ਸਬੰਧਤ ਦੱਸੀ ਜਾਂਦੀ ਹੈ। ਹਾਦਸੇ ਤੋਂ ਬਾਅਦ ਖ਼ਰੀਦ ਕੇਂਦਰਾਂ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਲਈ ਕੀਤੇ ਜਾਂਦੇ ਪ੍ਰਬੰਧਾਂ ਬਾਰੇ ਸਵਾਲ ਉੱਠਣ ਲੱਗੇ ਹਨ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਅਤੇ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਹੋਣ ਸਬੰਧੀ ਅਜੇ ਜਾਂਚ ਦੇ ਨਤੀਜੇ ਸਾਹਮਣੇ ਆਉਣੇ ਬਾਕੀ ਹਨ।
ਇਸ ਸਬੰਧੀ ਆੜ੍ਹਤੀਏ ਨਵਲ ਕਾਂਤ ਜੈਤੋ ਦਾ ਪੱਖ ਜਾਣਨ ਲਈ ਫ਼ੋਨ ਰਾਹੀਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ।
ਸਰਪੰਚ ਨੇ ਪੀੜਤ ਪਰਿਵਾਰ ਦੀ ਮਦਦ ਦੀ ਕੀਤੀ ਅਪੀਲ
ਡੀਐੱਸਪੀ ਜੈਤੋ ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਸਰਕਾਰੀ ਹਸਪਤਾਲ ਬਾਜਾਖਾਨਾ ਦੇ ਮੁਰਦਾਘਰ ਵਿੱਚ ਰਖਵਾਈ ਗਈ ਹੈ। ਅਗਲੇ ਦਿਨ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਉੱਧਰ, ਪਿੰਡ ਦੇ ਸਰਪੰਚ ਕੁਲਦੀਪ ਸਿੰਘ ਗਿੱਲ ਨੇ ਇਸ ਮੰਦਭਾਗੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮ੍ਰਿਤਕਾ ਦਾ ਪਰਿਵਾਰ ਬਹੁਤ ਗਰੀਬ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜੈਤੋ ਦੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਮਦਦ ਲਈ ਅੱਗੇ ਆਇਆ ਜਾਵੇ।
ਇਸ ਹਾਦਸੇ ਨੇ ਇੱਕ ਵਾਰ ਫਿਰ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਅਹਿਮ ਮੁੱਦਾ ਬਣਾ ਦਿੱਤਾ ਹੈ। ਮਜ਼ਦੂਰਾਂ ਦੀ ਜਾਨ ਦੀ ਰਾਖੀ ਲਈ ਪੱਖਿਆਂ ਅਤੇ ਹੋਰ ਮਸ਼ੀਨਾਂ ਦੀ ਸੁਰੱਖਿਅਤ ਵਰਤੋਂ, ਕੰਮ ਵਾਲੀਆਂ ਥਾਵਾਂ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਅਤੇ ਉਨ੍ਹਾਂ ਦੀ ਨਿਯਮਤ ਜਾਂਚ ਯਕੀਨੀ ਬਣਾਉਣਾ ਜ਼ਰੂਰੀ ਹੈ। ਇਸ ਮਾਮਲੇ ਵਿੱਚ ਨਿਰਪੱਖ ਜਾਂਚ ਰਾਹੀਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣਾ ਅਤੇ ਜੇਕਰ ਕੋਈ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਵੀ ਜ਼ਰੂਰੀ ਹੋਵੇਗਾ।