ਫ਼ਰੀਦਕੋਟ ਦੇ ਨਮਨ ਧੀਰ ਦੀ ਟੀਮ ਇੰਡੀਆ ’ਚ ਐਂਟਰੀ ਫ਼ਰੀਦਕੋਟ ਦੇ ਨਮਨ ਧੀਰ ਦੀ ਟੀਮ ਇੰਡੀਆ ’ਚ ਐਂਟਰੀ, ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਮੈਚ ’ਚ ਮਿਲਿਆ ਖੇਡਣ ਦਾ ਮੌਕਾ
Publish Date: Sun, 27 Sep 2026 06:06 PM (IST)
Updated Date: Sun, 27 Sep 2026 06:09 PM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੇ ਨਿਊ ਕੈਂਟ ਰੋਡ ਦੇ ਰਹਿਣ ਵਾਲੇ 26 ਸਾਲਾ ਕ੍ਰਿਕਟਰ ਨਮਨ ਧੀਰ ਨੇ ਆਪਣੇ ਸ਼ਹਿਰ ਦਾ ਨਾਂ ਕੌਮੀ ਪੱਧਰ ’ਤੇ ਹੋਰ ਰੌਸ਼ਨ ਕਰ ਦਿੱਤਾ ਹੈ। ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਪਛਾਣ ਬਣਾਉਣ ਵਾਲੇ ਨਮਨ ਧੀਰ ਨੂੰ ਭਾਰਤੀ ਕ੍ਰਿਕਟ ਟੀਮ ਵੱਲੋਂ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ। ਇਸ ਨਾਲ ਫ਼ਰੀਦਕੋਟ ਦੇ ਕ੍ਰਿਕਟ ਪ੍ਰੇਮੀਆਂ ਅਤੇ ਨਮਨ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੱਜੇ ਹੱਥ ਦੇ ਹਮਲਾਵਰ ਬੱਲੇਬਾਜ਼ ਨਮਨ ਆਫ਼-ਬ੍ਰੇਕ ਗੇਂਦਬਾਜ਼ੀ ਵੀ ਕਰਦੇ ਹਨ। ਇੰਡੀਆ-ਏ ਲਈ ਖੇਡਣ ਤੋਂ ਇਲਾਵਾ ਉਹ ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹਿ ਚੁੱਕੇ ਹਨ। ਹਾਲ ਹੀ ਵਿੱਚ ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਉਨ੍ਹਾਂ ਵੱਲੋਂ ਖੇਡੀ ਗਈ ਇਤਿਹਾਸਕ ਪਾਰੀ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਸੁਰਖੀਆਂ ਵਿੱਚ ਲਿਆ ਦਿੱਤਾ ਸੀ। ਨਮਨ ਧੀਰ ਨੇ 8 ਸਤੰਬਰ 2026 ਨੂੰ ਅੰਮ੍ਰਿਤਸਰ ਸੂਰਮਾਜ਼ ਵੱਲੋਂ ਖੇਡਦਿਆਂ ਮੋਹਾਲੀ ਕਿੰਗਜ਼ ਖ਼ਿਲਾਫ਼ ਅਜਿਹੀ ਤੂਫ਼ਾਨੀ ਪਾਰੀ ਖੇਡੀ, ਜਿਸ ਨੇ ਟੀ-20 ਕ੍ਰਿਕਟ ਵਿੱਚ ਉਨ੍ਹਾਂ ਦਾ ਕੱਦ ਹੋਰ ਉੱਚਾ ਕਰ ਦਿੱਤਾ। ਨਮਨ ਨੇ ਮਹਿਜ਼ 64 ਗੇਂਦਾਂ ਵਿੱਚ 173 ਦੌੜਾਂ ਬਣਾਈਆਂ। ਉਨ੍ਹਾਂ ਨੇ ਸਿਰਫ਼ 37 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੀ ਪਾਰੀ ਵਿੱਚ 16 ਚੌਕੇ ਅਤੇ 12 ਛੱਕੇ ਸ਼ਾਮਲ ਸਨ ਅਤੇ ਸਟ੍ਰਾਈਕ ਰੇਟ 270.31 ਰਿਹਾ। ਨਮਨ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਅੰਮ੍ਰਿਤਸਰ ਸੂਰਮਾਜ਼ ਨੇ 20 ਓਵਰਾਂ ਵਿੱਚ 279 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਸ਼ਾਨਦਾਰ ਪ੍ਰਦਰਸ਼ਨ ਲਈ ਨਮਨ ਨੂੰ ਟੂਰਨਾਮੈਂਟ ਦਾ ਮੈਨ ਆਫ਼ ਦ ਟੂਰਨਾਮੈਂਟ ਵੀ ਚੁਣਿਆ ਗਿਆ। ਉਪਲਬਧ ਰਿਕਾਰਡਾਂ ਮੁਤਾਬਕ ਟੀ-20 ਕ੍ਰਿਕਟ ਵਿੱਚ ਇਸ ਤੋਂ ਵੱਡੀ ਵਿਅਕਤੀਗਤ ਪਾਰੀ ਆਈ.ਪੀ.ਐੱਲ. ਵਿੱਚ ਕ੍ਰਿਸ ਗੇਲ ਦੇ ਨਾਂ ਹੈ, ਜਿਨ੍ਹਾਂ ਨੇ 175 ਦੌੜਾਂ ਬਣਾਈਆਂ ਸਨ। 11 ਸਾਲ ਦੀ ਉਮਰ ’ਚ ਫੜਿਆ ਸੀ ਕ੍ਰਿਕਟ ਦਾ ਬੱਲਾ 31 ਦਸੰਬਰ 1999 ਨੂੰ ਜਨਮੇ ਨਮਨ ਧੀਰ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਫ਼ਰੀਦਕੋਟ ਵਿੱਚ ਸਥਾਨਕ ਪੱਧਰ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਕ੍ਰਿਕਟ ਸਫ਼ਰ ਜ਼ਿਲ੍ਹਾ ਅਤੇ ਰਾਜ ਪੱਧਰ ਤੋਂ ਹੁੰਦਾ ਹੋਇਆ ਭਾਰਤੀ ਟੀਮ ਤੱਕ ਪਹੁੰਚ ਗਿਆ ਹੈ। ਫ਼ਰੀਦਕੋਟ ਦੇ ਸਰਕਾਰੀ ਬ੍ਰਜਿੰਦਰਾ ਕਾਲਜ ਵਿੱਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਰਾਜ ਪੱਧਰ ’ਤੇ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਈ। ਦਸੰਬਰ 2022 ਵਿੱਚ ਉਨ੍ਹਾਂ ਦੀ ਚੋਣ ਰਣਜੀ ਟਰਾਫ਼ੀ ਲਈ ਹੋਈ। ਰਣਜੀ ਟਰਾਫ਼ੀ ਦੇ ਅੱਠ ਮੈਚਾਂ ਵਿੱਚ ਨਮਨ ਨੇ 476 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸੈਂਕੜੇ ਅਤੇ ਇੱਕ ਅਰਧ-ਸੈਂਕੜਾ ਸ਼ਾਮਲ ਸੀ। 20 ਲੱਖ ਤੋਂ 5.25 ਕਰੋੜ ਤੱਕ ਪਹੁੰਚਿਆ ਆਈਪੀਐੱਲ ਸਫ਼ਰ ਨਮਨ ਧੀਰ ਨੇ 2024 ਵਿੱਚ ਮੁੰਬਈ ਇੰਡੀਅਨਜ਼ ਨਾਲ ਆਈ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਦੌਰ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। 2025 ਦੀ ਆਈ.ਪੀ.ਐੱਲ. ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ ਰਾਈਟ ਟੂ ਮੈਚ (R“M) ਵਿਕਲਪ ਦੀ ਵਰਤੋਂ ਕਰਦਿਆਂ ਨਮਨ ਨੂੰ 5.25 ਕਰੋੜ ਰੁਪਏ ਵਿੱਚ ਮੁੜ ਆਪਣੀ ਟੀਮ ਵਿੱਚ ਸ਼ਾਮਲ ਕੀਤਾ। 2025 ਵਿੱਚ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਵੱਲੋਂ ਸਾਰੇ 16 ਮੈਚਾਂ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਹ ਟੀਮ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। 2024 ਤੋਂ 2026 ਤੱਕ ਆਈ.ਪੀ.ਐੱਲ. ਦੇ 37 ਮੈਚਾਂ ਵਿੱਚ ਉਨ੍ਹਾਂ ਦੇ ਨਾਂ 710 ਦੌੜਾਂ ਦਰਜ ਹਨ, ਜਿਨ੍ਹਾਂ ਵਿੱਚ ਤਿੰਨ ਅਰਧ-ਸੈਂਕੜੇ ਸ਼ਾਮਲ ਹਨ। ਪਰਿਵਾਰ ਨੂੰ ਮਾਣ, ਸ਼ੁਰੂਆਤੀ ਕੋਚ ਦੀ ਆਈ ਯਾਦ ਨਮਨ ਦੇ ਪਿਤਾ ਨਰੇਸ਼ ਕੁਮਾਰ ਧੀਰ ਅਤੇ ਮਾਤਾ ਨਿਰੂਪਮਾ ਨੇ ਦੱਸਿਆ ਕਿ ਨਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਜਨੂੰਨ ਸੀ। ਉਹ ਦੇਰ ਰਾਤ ਤੱਕ ਅਭਿਆਸ ਕਰਦਾ ਸੀ ਅਤੇ ਪਰਿਵਾਰ ਹਮੇਸ਼ਾ ਉਸ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੇ ਨਾਲ ਖੜ੍ਹਾ ਰਿਹਾ। ਪਰਿਵਾਰ ਅਤੇ ਸਹਾਇਕ ਕੋਚ ਅਰੁਣ ਦੇਵਗਨ ਨੇ ਨਮਨ ਦੀ ਭਾਰਤੀ ਟੀਮ ਵਿੱਚ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਨਮਨ ਨੇ ਪੰਜਾਬ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਸੈਯਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਪੰਜਾਬ ਦੀ ਸਫ਼ਲਤਾ ਵਿੱਚ ਵੀ ਉਸ ਦੀ ਭੂਮਿਕਾ ਰਹੀ ਹੈ। ਇਸ ਮੌਕੇ ਪਰਿਵਾਰ ਨੂੰ ਨਮਨ ਦੇ ਸ਼ੁਰੂਆਤੀ ਕੋਚ ਗਗਨ ਸੰਧੂ ਦੀ ਵੀ ਯਾਦ ਆਈ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਅੱਜ ਜਿਊਂਦੇ ਹੁੰਦੇ ਤਾਂ ਆਪਣੇ ਸ਼ਾਗਿਰਦ ਨੂੰ ਟੀਮ ਇੰਡੀਆ ਦੀ ਜਰਸੀ ਵਿੱਚ ਦੇਖ ਕੇ ਸਭ ਤੋਂ ਵੱਧ ਖ਼ੁਸ਼ ਹੁੰਦੇ। ਹੁਣ ਫ਼ਰੀਦਕੋਟ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਨਮਨ ਧੀਰ ’ਤੇ ਟਿਕੀਆਂ ਹਨ। ਨਿਊ ਕੈਂਟ ਰੋਡ ਤੋਂ ਸ਼ੁਰੂ ਹੋਇਆ ਨਮਨ ਦਾ ਸਫ਼ਰ ਹੁਣ ਟੀਮ ਇੰਡੀਆ ਦੀ ਜਰਸੀ ਤੱਕ ਪਹੁੰਚ ਚੁੱਕਾ ਹੈ।