- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਚੈਕਿੰਗ

ਜਗਮੀਤ ਸਿੰਘ, ਪੰਜਾਬੀ ਜਾਗਰਣ ਫਰੀਦਕੋਟ : ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਲਈ ਫਰੀਦਕੋਟ ਪੁਲਿਸ ਵੱਲੋਂ ਸੋਮਵਾਰ ਨੂੰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਰੇਲਵੇ ਸਟੇਸ਼ਨਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਸ਼ੇਸ਼ ਕਾਰਡਨ ਐਂਡ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ। ਇਹ ਕਾਰਵਾਈ ਐੱਸ.ਐੱਸ.ਪੀ. ਫਰੀਦਕੋਟ ਸ਼੍ਰੀ ਗੁਰਬੰਸ ਸਿੰਘ ਬੈਸ, ਪੀ.ਪੀ.ਐੱਸ. ਦੇ ਨਿਰਦੇਸ਼ਾਂ ਤਹਿਤ ਕੀਤੀ ਗਈ। ਸਰਚ ਆਪਰੇਸ਼ਨ ਦੀ ਸਮੁੱਚੀ ਨਿਗਰਾਨੀ ਐੱਸ.ਪੀ. ਇਨਵੈਸਟੀਗੇਸ਼ਨ ਸ਼੍ਰੀ ਨਰਿੰਦਰ ਸਿੰਘ ਨੇ ਕੀਤੀ। ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇ ਇਸ ਆਪਰੇਸ਼ਨ ਦੌਰਾਨ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਐਂਟੀ-ਸਾਬੋਟੇਜ ਚੈੱਕ ਅਤੇ ਡੌਗ ਸਕੁਐਡ ਦੀ ਸਹਾਇਤਾ ਨਾਲ ਤਿੰਨਾਂ ਰੇਲਵੇ ਸਟੇਸ਼ਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਅਤੇ ਜੀ.ਆਰ.ਪੀ. ਪੁਲਿਸ ਦੇ ਸਹਿਯੋਗ ਨਾਲ ਯਾਤਰੀਆਂ ਦੇ ਸਮਾਨ ਦੀ ਵੀ ਜਾਂਚ ਕੀਤੀ। ਇਸ ਤੋਂ ਇਲਾਵਾ ਬਿਨਾਂ ਕਿਸੇ ਸਪੱਸ਼ਟ ਕਾਰਨ ਰੇਲਵੇ ਸਟੇਸ਼ਨਾਂ ’ਤੇ ਘੁੰਮ ਰਹੇ ਵਿਅਕਤੀਆਂ ਦੀ ਵੀ ਜਾਂਚ ਕੀਤੀ ਗਈ। ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ‘ਵਾਹਨ ਐਪ’ ਰਾਹੀਂ ਵੈਰੀਫਿਕੇਸ਼ਨ ਕੀਤੀ ਗਈ। ਐੱਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਇਹ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਡਰੋਨ ਕੈਮਰਿਆਂ ਰਾਹੀਂ ਵੀ ਸ਼ੱਕੀ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖੀ ਗਈ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਦੌਰਾਨ ਕਰੀਬ 100 ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਕੁੱਲ 85 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ 49 ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਜਾਂਚਾਂ ਦੌਰਾਨ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ।