- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕੋਟਕਪੂਰਾ ਵਿੱਚ ਟੈਂਕਰ ਤੋਂ ਬਰਾਮਦ ਕੀਤੇ ਗਏ ਕਰੀਬ 21,550 ਲੀਟਰ ਸ਼ੱਕੀ ਦੇਸੀ ਘਿਓ ਦੇ ਸੈਂਪਲ ਲੈਬ ਜਾਂਚ ਦੌਰਾਨ ਅਨਸੇਫ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਦੋ ਫੂਡ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕੋਟਕਪੂਰਾ ਵਿੱਚ ਟੈਂਕਰ ਤੋਂ ਬਰਾਮਦ ਕੀਤੇ ਗਏ ਕਰੀਬ 21,550 ਲੀਟਰ ਸ਼ੱਕੀ ਦੇਸੀ ਘਿਓ ਦੇ ਸੈਂਪਲ ਲੈਬ ਜਾਂਚ ਦੌਰਾਨ ਅਨਸੇਫ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਦੋ ਫੂਡ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਗ੍ਰੇਟਰ ਨੋਇਡਾ ਦੀ ਦੇਸੀ ਘਿਓ ਸਪਲਾਈ ਕਰਨ ਵਾਲੀ ਵਰਸਟਾਈਲ ਫੂਡਜ਼ ਐਂਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਅਤੇ ਕੋਟਕਪੂਰਾ ਦੀ ਨਾਰਾਇਣ ਐਗਰੋ ਫੂਡਜ਼ ਲਿਮਟਿਡ ਖ਼ਿਲਾਫ਼ ਬੀਐੱਨਐੱਸ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਕ ਟੈਂਕਰ ਵਿੱਚ ਵੱਡੀ ਮਾਤਰਾ ਵਿੱਚ ਸ਼ੱਕੀ ਦੇਸੀ ਘਿਓ ਕੋਟਕਪੂਰਾ ਦੇ ਫ਼ਰੀਦਕੋਟ ਰੋਡ ਸਥਿਤ ਨਾਰਾਇਣ ਐਗਰੋ ਫੂਡਜ਼ ਲਿਮਟਿਡ ਦੀ ਫੈਕਟਰੀ ਵਿੱਚ ਸਪਲਾਈ ਕਰਨ ਲਈ ਲਿਆਂਦਾ ਗਿਆ ਹੈ। ਸੂਚਨਾ ਮਿਲਣ ’ਤੇ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ। ਟੈਂਕਰ ਵਿੱਚ ਕਰੀਬ 21,550 ਲੀਟਰ ਘਿਓ ਭਰਿਆ ਹੋਇਆ ਸੀ।
ਵਿਭਾਗੀ ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਘਿਓ ਦੇ ਵੱਖ-ਵੱਖ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬ ਭੇਜੇ। ਲੈਬ ਤੋਂ ਪ੍ਰਾਪਤ ਰਿਪੋਰਟ ਵਿੱਚ ਸੈਂਪਲ ਅਨਸੇਫ, ਭਾਵ ਮਨੁੱਖੀ ਸਿਹਤ ਲਈ ਅਸੁਰੱਖਿਅਤ, ਪਾਏ ਗਏ। ਰਿਪੋਰਟ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਫੂਡ ਸੇਫਟੀ ਅਫ਼ਸਰ ਨਵਦੀਪ ਸਿੰਘ ਚਹਿਲ ਨੇ ਦੱਸਿਆ ਕਿ ਟੈਂਕਰ ਤੋਂ ਲਏ ਸੈਂਪਲਾਂ ਦੀ ਜਾਂਚ ਰਿਪੋਰਟ ਵਿਭਾਗ ਨੂੰ ਮਿਲ ਗਈ ਹੈ ਅਤੇ ਇਨ੍ਹਾਂ ਵਿੱਚੋਂ ਘਿਓ ਅਨਸੇਫ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਸਿਟੀ ਕੋਟਕਪੂਰਾ ਦੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਟੈਂਕਰ ਦੇ ਚਾਲਕ ਅਤੇ ਕਲੀਨਰ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਇਸ ਲਈ ਘਿਓ ਭੇਜਣ ਵਾਲੀ ਗ੍ਰੇਟਰ ਨੋਇਡਾ ਦੀ ਕੰਪਨੀ ਅਤੇ ਘਿਓ ਮੰਗਵਾਉਣ ਵਾਲੀ ਕੋਟਕਪੂਰਾ ਦੀ ਕੰਪਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।