- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਬਾਵਰੀਆ ਸਮਾਜ ਵੱਲੋਂ ਕੀਤੀ ਗਈ ਮਹਾਪੰਚਾਇਤ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਕੋਟਕਪੂਰਾ : ਪੰਜਾਬ ਵਿੱਚ ਵਿਮੁਕਤ ਜਾਤੀਆਂ ਨੂੰ ਮਿਲਦੇ ਦੋ ਫ਼ੀਸਦੀ ਰਾਖਵੇਂਕਰਨ ਦਾ ਮੁੱਦਾ ਹੁਣ ਸਿਆਸੀ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਬਾਵਰੀਆ ਸਮਾਜ ਵੱਲੋਂ ਕੀਤੀ ਗਈ ਮਹਾਪੰਚਾਇਤ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਮਹਾਪੰਚਾਇਤ ਵਿੱਚ ਇਕੱਠੇ ਹੋਏ ਸਮਾਜ ਦੇ ਲੋਕਾਂ ਨੇ ਬਾਬਾ ਗੋਸਾਈਂ ਦੀ ਸਹੁੰ ਖਾ ਕੇ ਇਹ ਫ਼ੈਸਲਾ ਲਿਆ ਕਿ ਚੋਣਾਂ ਦੌਰਾਨ ਪਾਰਟੀ ਦਾ ਕਿਸੇ ਵੀ ਪੱਧਰ ’ਤੇ ਸਮਰਥਨ ਨਹੀਂ ਕੀਤਾ ਜਾਵੇਗਾ।
ਮਹਾਪੰਚਾਇਤ ਵਿੱਚ ਇਸ ਸਬੰਧੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮਾਜ ਦਾ ਕੋਈ ਵਿਅਕਤੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ। ਇਹ ਮਹਾਪੰਚਾਇਤ ਬਾਵਰੀਆ ਸਮਾਜ ਸਮੇਤ ਪੰਜਾਬ ਦੀਆਂ ਵਿਮੁਕਤ ਜਾਤੀਆਂ ਦੇ ਸਾਂਸੀ ਅਤੇ ਬਾਜ਼ੀਗਰ ਸਮਾਜ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਸੱਦੇ ’ਤੇ ਕੀਤੀ ਗਈ।
ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਿਮੁਕਤ ਜਾਤੀਆਂ ਦੇ ਲੋਕ ਲੰਮੇ ਸਮੇਂ ਤੋਂ ਆਪਣੇ ਹੱਕਾਂ ਅਤੇ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸਮਾਜ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਵਿੱਚ ਮਿਲ ਰਹੇ ਦੋ ਫ਼ੀਸਦੀ ਰਾਖਵੇਂਕਰਨ ਨੂੰ ਸਤੰਬਰ 2022 ਵਿੱਚ ਜਾਰੀ ਕੀਤੇ ਗਏ ਪੱਤਰ ਰਾਹੀਂ ਖ਼ਤਮ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ਕਾਰਨ ਸਰਕਾਰੀ ਭਰਤੀਆਂ ਦੀ ਪ੍ਰਕਿਰਿਆ ਵਿੱਚ ਸਲਾਹ-ਮਸ਼ਵਰੇ ਅਤੇ ਕਾਊਂਸਲਿੰਗ ਦੇ ਪੜਾਅ ਪੂਰੇ ਕਰ ਚੁੱਕੇ ਸੈਂਕੜੇ ਨੌਜਵਾਨ ਨਿਯੁਕਤੀ ਤੋਂ ਵਾਂਝੇ ਰਹਿ ਗਏ।
ਆਗੂਆਂ ਨੇ ਦਾਅਵਾ ਕੀਤਾ ਕਿ ਰਾਖਵਾਂਕਰਨ ਖ਼ਤਮ ਹੋਣ ਨਾਲ ਵਿਮੁਕਤ ਜਾਤੀਆਂ ਦੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਬਹਾਲ ਕਰਵਾਉਣ ਲਈ ਸਮਾਜ ਵੱਲੋਂ ਵੱਖ-ਵੱਖ ਪੱਧਰਾਂ ’ਤੇ ਧਰਨੇ ਅਤੇ ਸੰਘਰਸ਼ ਕੀਤੇ ਗਏ। ਇਸ ਦੌਰਾਨ ਕਈ ਲੋਕਾਂ ਨੂੰ ਜੇਲ੍ਹਾਂ ਵਿੱਚ ਵੀ ਜਾਣਾ ਪਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ।
ਮਹਾਪੰਚਾਇਤ ਵਿੱਚ ਵਾਹਿਗੁਰੂ ਸਿੰਘ ਕਾਬਲ ਵਾਲਾ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਸਮਾਜ ਨੇ ਆਪਣੇ ਹੱਕਾਂ ਲਈ ਲੰਮਾ ਸਮਾਂ ਉਡੀਕ ਕੀਤੀ ਹੈ, ਪਰ ਹੁਣ ਇਸ ਮੁੱਦੇ ਨੂੰ ਲੈ ਕੇ ਸਿਆਸੀ ਪੱਧਰ ’ਤੇ ਆਪਣਾ ਰੁਖ਼ ਸਪੱਸ਼ਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਂਸੀ ਅਤੇ ਬਾਜ਼ੀਗਰ ਸਮਾਜ ਵੱਲੋਂ ਵੀ ਵੱਡੀਆਂ ਮਹਾਪੰਚਾਇਤਾਂ ਕਰਕੇ ਆਮ ਆਦਮੀ ਪਾਰਟੀ ਦੇ ਬਾਈਕਾਟ ਦਾ ਰਸਮੀ ਐਲਾਨ ਕੀਤਾ ਜਾਵੇਗਾ।
ਸਾਂਝੇ ਮੋਰਚੇ ਦੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਵਿਮੁਕਤ ਜਾਤੀਆਂ ਦਾ ਮੋਰਚਾ ਆਪਣੀਆਂ ਮੰਗਾਂ ਸਬੰਧੀ ਮੌਜੂਦਾ ਸਰਕਾਰ ਦੇ ਕਿਸੇ ਵੀ ਆਗੂ ਨੂੰ ਮੰਗ ਪੱਤਰ ਨਹੀਂ ਸੌਂਪੇਗਾ। ਉਨ੍ਹਾਂ ਅਨੁਸਾਰ ਸਮਾਜ ਦਾ ਅਗਲਾ ਸੰਘਰਸ਼ ਆਪਣੇ ਹੱਕਾਂ ਦੀ ਬਹਾਲੀ ਲਈ ਸਾਂਝੇ ਤੌਰ ’ਤੇ ਜਾਰੀ ਰਹੇਗਾ।