- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਦੌਰਾਨ ਇਕ ਲਾਵਾਰਿਸ ਵਿਅਕਤੀ ਦੀ ਮੌਤ ਹੋ ਗਈ ਸੀ। ਉਕਤ ਲਾਵਾਰਿਸ ਮਰੀਜ਼ ਦੀ ਲਾਸ਼ ਹਸਪਤਾਲ ਤੋਂ ਬਾਹਰ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਡਾਕਟਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਦੌਰਾਨ ਇਕ ਲਾਵਾਰਿਸ ਵਿਅਕਤੀ ਦੀ ਮੌਤ ਹੋ ਗਈ ਸੀ। ਉਕਤ ਲਾਵਾਰਿਸ ਮਰੀਜ਼ ਦੀ ਲਾਸ਼ ਹਸਪਤਾਲ ਤੋਂ ਬਾਹਰ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਡਾਕਟਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨਾਮਜ਼ਦ ਮੁਲਜ਼ਮਾਂ ਵਿੱਚ ਸਰਜਰੀ-1 ਵਿਭਾਗ ਵਿੱਚ ਤਾਇਨਾਤ ਡਾ. ਗੌਰਵ ਸਚਦੇਵਾ (ਫਾਜ਼ਿਲਕਾ), ਹੈਲਪਰ ਗੁਰਬਖਸ਼ ਸਿੰਘ (ਫਰੀਦਕੋਟ) ਅਤੇ ਡੀ-ਫਾਰਮੇਸੀ ਦਾ ਵਿਦਿਆਰਥੀ ਹਰਮਨਪ੍ਰੀਤ ਸਿੰਘ (ਜਗਰਾਓਂ) ਸ਼ਾਮਲ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰੀਬ 35 ਸਾਲਾ ਅਣਪਛਾਤੇ ਵਿਅਕਤੀ ਨੂੰ 9 ਜੁਲਾਈ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਰੈਫਰ ਕਰ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ 13-14 ਜੁਲਾਈ ਦੀ ਅੱਧੀ ਰਾਤ ਨੂੰ ਉਸ ਦੀ ਮੌਤ ਹੋ ਗਈ। ਦੋਸ਼ ਹੈ ਕਿ ਮੌਤ ਤੋਂ ਬਾਅਦ ਲਾਸ਼ ਨੂੰ ਮੋਰਚਰੀ ਵਿੱਚ ਰੱਖਣ ਜਾਂ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਵ੍ਹੀਲਚੇਅਰ ’ਤੇ ਬਿਠਾ ਕੇ ਸ਼ਮਸ਼ਾਨਘਾਟ ਦੇ ਬਾਹਰ ਛੱਡ ਦਿੱਤਾ ਗਿਆ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਫੁੱਟਪਾਥ ’ਤੇ ਲਾਸ਼ ਪਈ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁੜ ਮੈਡੀਕਲ ਕਾਲਜ ਦੀ ਮੋਰਚਰੀ ਵਿੱਚ ਰਖਵਾਇਆ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਹਸਪਤਾਲ ਦੇ ਸੀਸੀਟੀਵੀ ਫੁਟੇਜ ਖੰਗਾਲੇ ਗਏ, ਜਿਨ੍ਹਾਂ ਵਿੱਚ ਡਾਕਟਰ, ਹੈਲਪਰ ਅਤੇ ਡੀ-ਫਾਰਮੇਸੀ ਦਾ ਵਿਦਿਆਰਥੀ ਲਾਸ਼ ਨੂੰ ਹਸਪਤਾਲ ਤੋਂ ਬਾਹਰ ਲੈ ਜਾਂਦੇ ਨਜ਼ਰ ਆਏ। ਥਾਣਾ ਸਿਟੀ-2 ਦੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਸੁਸਾਇਟੀ ਦੇ ਸਹਿਯੋਗ ਨਾਲ ਲਾਵਾਰਿਸ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ।