- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਸ਼ੀਲੇ ਪਦਾਰਥ ਪਹੁੰਚਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਦੋ ਹਵਾਲਾਤੀ ਪੁੱਤਰਾਂ ਨੂੰ ਮਿਲਣ ਆਈ ਇੱਕ ਔਰਤ ਵੱਲੋਂ ਕੱਪੜਿਆਂ ਵਿੱਚ ਲੁਕਾ ਕੇ ਨਸ਼ੀਲਾ ਪਦਾਰਥ ਜੇਲ੍ਹ ਅੰਦਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਸ਼ੀਲੇ ਪਦਾਰਥ ਪਹੁੰਚਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਦੋ ਹਵਾਲਾਤੀ ਪੁੱਤਰਾਂ ਨੂੰ ਮਿਲਣ ਆਈ ਇੱਕ ਔਰਤ ਵੱਲੋਂ ਕੱਪੜਿਆਂ ਵਿੱਚ ਲੁਕਾ ਕੇ ਨਸ਼ੀਲਾ ਪਦਾਰਥ ਜੇਲ੍ਹ ਅੰਦਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।
ਹਾਲਾਂਕਿ ਮੁਲਾਕਾਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਕੱਪੜਿਆਂ ਦੀ ਜਾਂਚ ਕੀਤੇ ਜਾਣ ’ਤੇ 38 ਗ੍ਰਾਮ ਚਿੱਟੇ ਵਰਗਾ ਦਿਖਾਈ ਦੇਣ ਵਾਲਾ ਨਸ਼ੀਲਾ ਪਦਾਰਥ ਬਰਾਮਦ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਔਰਤ, ਉਸ ਦੇ ਦੋਵੇਂ ਹਵਾਲਾਤੀ ਪੁੱਤਰਾਂ ਅਤੇ ਜੇਲ੍ਹ ਵਿੱਚ ਬੰਦ ਤਿੰਨ ਹੋਰ ਹਵਾਲਾਤੀਆਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਜੇਲ੍ਹ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਕਰਮਜੀਤ ਕੌਰ ਆਪਣੇ ਦੋ ਪੁੱਤਰਾਂ ਅਸ਼ੋਕ ਕੁਮਾਰ ਅਤੇ ਸੌਰਵ ਕੁਮਾਰ ਨਾਲ ਮੁਲਾਕਾਤ ਕਰਨ ਲਈ ਕੇਂਦਰੀ ਮਾਡਰਨ ਜੇਲ੍ਹ ਪਹੁੰਚੀ ਸੀ। ਮੁਲਾਕਾਤ ਦੌਰਾਨ ਉਸ ਵੱਲੋਂ ਦਿੱਤੇ ਗਏ ਕੱਪੜਿਆਂ ਦੀ ਜੇਲ੍ਹ ਪ੍ਰਸ਼ਾਸਨ ਨੇ ਸਕੈਨਿੰਗ ਮਸ਼ੀਨ ਰਾਹੀਂ ਜਾਂਚ ਕੀਤੀ। ਇਸ ਦੌਰਾਨ ਕੱਪੜਿਆਂ ਵਿੱਚ ਲੁਕਾ ਕੇ ਰੱਖਿਆ ਗਿਆ 38 ਗ੍ਰਾਮ ਚਿੱਟੇ ਵਰਗਾ ਦਿਖਾਈ ਦੇਣ ਵਾਲਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਬਰਾਮਦਗੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁੱਛਗਿੱਛ ਦੌਰਾਨ ਹਵਾਲਾਤੀ ਅਸ਼ੋਕ ਕੁਮਾਰ ਅਤੇ ਸੌਰਵ ਕੁਮਾਰ ਨੇ ਦੱਸਿਆ ਕਿ ਉਕਤ ਨਸ਼ੀਲਾ ਪਦਾਰਥ ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਮੋਗਾ ਜ਼ਿਲ੍ਹੇ ਦੇ ਹੀ ਵਸਨੀਕ ਹਵਾਲਾਤੀਆਂ ਜਗਸੀਰ ਸਿੰਘ, ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨਾਲ ਮਿਲ ਕੇ ਮੰਗਵਾਇਆ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰਭਦਿਆਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਨੇ ਕਰਮਜੀਤ ਕੌਰ, ਅਸ਼ੋਕ ਕੁਮਾਰ, ਸੌਰਵ ਕੁਮਾਰ, ਜਗਸੀਰ ਸਿੰਘ, ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਨਸ਼ੀਲਾ ਪਦਾਰਥ ਪਹੁੰਚਾਉਣ ਦੇ ਮਾਮਲੇ ਵਿੱਚ ਨਾਮਜ਼ਦ ਔਰਤ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਬੰਦ ਨਾਮਜ਼ਦ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੇ ਸਰੋਤ ਅਤੇ ਇਸ ਦੇ ਅੱਗੇ-ਪਿੱਛੇ ਦੇ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।