- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਦੇ ਜੈਤੋ-ਬਠਿੰਡਾ ਬਾਈਪਾਸ ਨੇੜੇ ਝਾੜੀਆਂ ’ਚੋਂ ਏਕੇ-47 ਦੇ ਤਿੰਨ ਮੈਗਜ਼ੀਨ ਅਤੇ 7.62 ਐੱਮਐੱਮ ਦੇ 82 ਕਾਰਤੂਸ ਬਰਾਮਦ ਹੋਏ ਹਨ। ਮੁੱਢਲੀ ਜਾਂਚ ਮੁਤਾਬਕ ਕਾਰਤੂਸਾਂ ’ਤੇ ਲਗਭਗ 45 ਸਾਲ ਪੁਰਾਣੀਆਂ ਤਰੀਕਾਂ ਦਰਜ ਹਨ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਕੋਟਕਪੂਰਾ ਦੇ ਜੈਤੋ-ਬਠਿੰਡਾ ਬਾਈਪਾਸ ਨੇੜੇ ਝਾੜੀਆਂ ’ਚੋਂ ਏਕੇ-47 ਦੇ ਤਿੰਨ ਮੈਗਜ਼ੀਨ ਅਤੇ 7.62 ਐੱਮਐੱਮ ਦੇ 82 ਕਾਰਤੂਸ ਬਰਾਮਦ ਹੋਏ ਹਨ। ਮੁੱਢਲੀ ਜਾਂਚ ਮੁਤਾਬਕ ਕਾਰਤੂਸਾਂ ’ਤੇ ਲਗਭਗ 45 ਸਾਲ ਪੁਰਾਣੀਆਂ ਤਰੀਕਾਂ ਦਰਜ ਹਨ। ਪੁਲਿਸ ਨੇ ਅਸਲਾ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੇ ਏਐੱਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਐਤਵਾਰ ਦੇਰ ਸ਼ਾਮ ਬਾਈਪਾਸ ’ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਰੱਬ ਵਾਲੇ ਖੂਹ ਨੇੜੇ ਰਜਬਾਹੇ ਦੀ ਕੱਚੀ ਪਟੜੀ ’ਤੇ ਕਾਰਤੂਸ ਲੁਕਾ ਕੇ ਰੱਖੇ ਹੋਣ ਦੀ ਸੂਚਨਾ ਮਿਲੀ। ਤਲਾਸ਼ੀ ਦੌਰਾਨ ਝਾੜੀਆਂ ’ਚੋਂ ਤਿੰਨ ਮੈਗਜ਼ੀਨ ਮਿਲੇ, ਜਿਨ੍ਹਾਂ ’ਚ 82 ਕਾਰਤੂਸ ਭਰੇ ਹੋਏ ਸਨ।
ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਰਾਮਦਗੀ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਰਾਣੇ ਕਾਰਤੂਸਾਂ ਨੂੰ ਦੇਖਦਿਆਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਨ੍ਹਾਂ ਦਾ ਸਬੰਧ ਪੰਜਾਬ ’ਚ ਅੱਤਵਾਦ ਦੇ ਦੌਰ ਨਾਲ ਤਾਂ ਨਹੀਂ। ਹਾਲਾਂਕਿ, ਇਸ ਸਬੰਧੀ ਅਜੇ ਕੋਈ ਪੁਸ਼ਟੀ ਨਹੀਂ ਹੋਈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸਲਾ ਕਿੱਥੋਂ ਆਇਆ, ਕਿਸ ਨੇ ਅਤੇ ਕਦੋਂ ਲੁਕਾਇਆ ਤੇ ਇਸ ਪਿੱਛੇ ਕੀ ਮਕਸਦ ਸੀ।