
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਰੀਦਕੋਟ ਦੀ ਬਲਬੀਰ ਬਸਤੀ ਦੇ ਰਹਿਣ ਵਾਲੇ ਸੱਤਵੀਂ ਜਮਾਤ ਦੇ 12 ਸਾਲਾ ਵਿਦਿਆਰਥੀ ਅਨਮੋਲ ਸਿੰਘ ਦੇ ਰਜਵਾਹੇ ’ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਨਮੋਲ ਐਤਵਾਰ ਦੁਪਹਿਰ ਆਪਣੇ ਤਿੰਨ ਨਾਬਾਲਗ ਸਾਥੀਆਂ ਨਾਲ ਦੋ ਸਾਈਕਲਾਂ ’ਤੇ ਸਵਾਰ ਹੋ ਕੇ ਸਾਦਿਕ ਰੋਡ ਸਥਿਤ ਇੱਕ ਰਜਵਾਹੇ ’ਤੇ ਨਹਾਉਣ ਲਈ ਗਿਆ ਸੀ।

ਹਰਪ੍ਰੀਤ ਸਿੰਘ ਚਾਨਾ/ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਫਰੀਦਕੋਟ ਦੀ ਬਲਬੀਰ ਬਸਤੀ ਦੇ ਰਹਿਣ ਵਾਲੇ ਸੱਤਵੀਂ ਜਮਾਤ ਦੇ 12 ਸਾਲਾ ਵਿਦਿਆਰਥੀ ਅਨਮੋਲ ਸਿੰਘ ਦੇ ਰਜਵਾਹੇ ’ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਨਮੋਲ ਐਤਵਾਰ ਦੁਪਹਿਰ ਆਪਣੇ ਤਿੰਨ ਨਾਬਾਲਗ ਸਾਥੀਆਂ ਨਾਲ ਦੋ ਸਾਈਕਲਾਂ ’ਤੇ ਸਵਾਰ ਹੋ ਕੇ ਸਾਦਿਕ ਰੋਡ ਸਥਿਤ ਇੱਕ ਰਜਵਾਹੇ ’ਤੇ ਨਹਾਉਣ ਲਈ ਗਿਆ ਸੀ। ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ’ਚ ਅਨਮੋਲ ਰੁੜ੍ਹ ਗਿਆ।
ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ। ਘਟਨਾ ਤੋਂ ਬਾਅਦ ਤਿੰਨੇ ਬੱਚੇ ਡਰ ਦੇ ਕਾਰਨ ਘਰ ਵਾਪਸ ਚਲੇ ਗਏ ਤੇ ਉਨ੍ਹਾਂ ਵੱਲੋਂ ਪਰਿਵਾਰ ਜਾਂ ਕਿਸੇ ਹੋਰ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ।ਜਦੋਂ ਅਨਮੋਲ ਐਤਵਾਰ ਰਾਤ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਉਸ ਦੇ ਸਾਥੀਆਂ ਨੇ ਅਨਮੋਲ ਨਾਲ ਹੋਣ ਤੋਂ ਇਨਕਾਰ ਕੀਤਾ ਤੇ ਪਰਿਵਾਰ ਨੂੰ ਗੁੰਮਰਾਹ ਕਰਦੇ ਰਹੇ। ਮਾਮਲਾ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਸੋਮਵਾਰ ਨੂੰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਬੱਚਿਆਂ ਨੇ ਅਨਮੋਲ ਦੇ ਰਜਵਾਹੇ ’ਚ ਰੁੜ੍ਹ ਜਾਣ ਦੀ ਗੱਲ ਸਵੀਕਾਰ ਕੀਤੀ।
ਇਸ ਤੋਂ ਬਾਅਦ ਪੁਲਿਸ ਤੇ ਸਥਾਨਕ ਲੋਕਾਂ ਵੱਲੋਂ ਰਜਵਾਹੇ ’ਚ ਅਨਮੋਲ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਲਾਪਤਾ ਵਿਦਿਆਰਥੀ ਦੇ ਰਿਸ਼ਤੇਦਾਰ ਗੁਰਤੇਜ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਸਾਥੀਆਂ ਦੇ ਪਰਿਵਾਰਾਂ ’ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਬੱਚਿਆਂ ਦੇ ਪਰਿਵਾਰਾਂ ਵੱਲੋਂ ਰਾਤ ਭਰ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਤੇ ਪੁਲਿਸ ਨੂੰ ਵੀ ਅਨਮੋਲ ਦੀ ਭਾਲ ’ਚ ਲੋੜੀਂਦਾ ਸਹਿਯੋਗ ਨਹੀਂ ਮਿਲਿਆ। ਪਰਿਵਾਰ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਵਿਦਿਆਰਥੀ ਦੀ ਭਾਲ ਲਈ ਰੈਸਕਿਊ ਮੁਹਿੰਮ ’ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਗਈ ਹੈ। ਪਰਿਵਾਰ ਮੁਤਾਬਕ ਅਜੇ ਤੱਕ ਅਨਮੋਲ ਦੇ ਕੱਪੜੇ, ਸਾਈਕਲ ਜਾਂ ਹੋਰ ਸਾਮਾਨ ਵੀ ਬਰਾਮਦ ਨਹੀਂ ਹੋਇਆ।