ਫਰੀਦਕੋਟ ’ਚ ਬੀਐੱਡ ਪ੍ਰਵੇਸ਼ ਪ੍ਰੀਖਿਆ ਕੇਂਦਰ ਨਾ ਬਣਨ ਕਾਰਨ ਰੋਸ ਫਰੀਦਕੋਟ ਬੀ.ਐਡ. ਦੀ ਪ੍ਰਵੇਸ਼ ਪ੍ਰੀਖਿਆ ਦਾ ਕੇਂਦਰ ਨਹੀਂ ਬਣਿਆ
Publish Date: Sun, 02 Aug 2026 04:42 PM (IST)
Updated Date: Sun, 02 Aug 2026 04:43 PM (IST)
ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਮਾਮਲੇ ’ਚ ਕਾਰਵਾਈ ਦੀ ਮੰਗ ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਸਟੂਡੈਂਟਸ ਯੂਨੀਅਨ ਨੇ ਫਰੀਦਕੋਟ ’ਚ ਬੀ.ਐਡ. ਪ੍ਰਵੇਸ਼ ਪ੍ਰੀਖਿਆ ਲਈ ਹੋ ਰਹੇ ਪੇਪਰ ਦਾ ਫਰੀਦਕੋਟ ਚ ਕੋਈ ਸੈਂਟਰ ਨਾ ਬਣਨ ਨੂੰ ਗੰਭੀਰ ਨੋਟਿਸ ਲੈਂਦਿਆਂ ਕਿਹਾ ਕੇ ਪੇਪਰ ਲੀਕ ਦੀ ਸਜ਼ਾ ਵਿਦਿਆਰਥੀਆਂ ਨੂੰ ਦੇਣ ਦੀ ਬਜਾਇ ਪੇਪਰ ਲੀਕ ਦੇ ਦੋਸ਼ੀਆਂ ਨੂੰ ਦੇਣੀ ਚਾਹੀਦੀ ਹੈ। ਜਾਣਕਾਰੀ ਦਿੰਦਿਆਂ ਪੀ.ਐਸ.ਯੂ ਦੇ ਸੂਬਾ ਪ੍ਰਧਾਨ ਰਣਵੀਰ ਕੁਰੜ, ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ 20 ਹਜਾਰ ਦੇ ਕਰੀਬ ਬੀ.ਐਡ. ਦੀਆਂ ਸੀਟਾਂ ਲਈ ਹੋ ਰਹੀ ਪ੍ਰਵੇਸ਼ ਪ੍ਰੀਖਿਆ ਦਾ ਫਰੀਦਕੋਟ ਕੋਈ ਸੈਂਟਰ ਨਹੀਂ ਬਣਿਆ ਜਿਸਦਾ ਕਾਰਨ ਫਰੀਦਕੋਟ ਚੋ ਹੋਇਆ ਫਾਰਮੇਸੀ ਦਾ ਪੇਪਰ ਲੀਕ ਹੈ। ਆਗੂਆਂ ਕਿਹਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਚ ਲੀਕ ਹੋਏ ਫਾਰਮੇਸੀ ਆਫ਼ੀਸਰ ਪੇਪਰ ਦੀ ਸਜ਼ਾ ਦੋਸ਼ੀਆਂ ਨੂੰ ਦੇਣ ਦੀ ਬਜਾਇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ, ਫਰੀਦਕੋਟ ਜ਼ਿਲ੍ਹੇ ਦੇ ਵਿਦਿਆਰਥੀ ਪਟਿਆਲੇ ਤੱਕ ਪੇਪਰ ਦੇਣ ਗਏ ਹਨ। ਆਗੂਆਂ ਕਿਹਾ ਕੇ ਫ਼ਰੀਦਕੋਟ ਐਜੂਕੇਸ਼ਨ ਦਾ ਹੱਬ ਰਿਹਾ ਹੈ। ਪੰਜਾਬ ਵਿਚਲੀ ਇਕੋ ਇਕ ਸਰਕਾਰੀ ਸਾਇੰਸ ਯੂਨੀਵਰਸਿਟੀ ਫ਼ਰੀਦਕੋਟ ਵਿਚ ਹੈ। ਤਿੰਨ ਵੱਡੇ ਮੈਡੀਕਲ ਕਾਲਜ-ਹਸਪਤਾਲਾਂ ਵਿਚੋਂ ਇਕ ਫ਼ਰੀਦਕੋਟ ਵਿੱਚ ਹੈ। ਪੰਜਾਬ ਵਿੱਚ ਸਿਰਫ਼ ਚਾਰ ਸਰਕਾਰੀ ਬੀ.ਐਡ ਕਾਲਜਾਂ ਵਿੱਚੋਂ ਇਕ ਫ਼ਰੀਦਕੋਟ ਹੈ। ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਸਰਕਾਰੀ ਕਾਲਜ ਇਥੇ ਮੌਜੂਦ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਪੰਜਾਬੀ ਯੂਨੀਵਰਸਿਟੀ ਵੱਲੋਂ ਲਏ ਜਾ ਰਹੇ ਬੀ.ਐਡ ਦਾਖ਼ਲਾ ਪ੍ਰੀਖਿਆ ਦਾ ਸੈਂਟਰ ਫ਼ਰੀਦਕੋਟ ਹੀ ਨਹੀਂ। ਇਸ ਵਾਰ ਫ਼ਰੀਦਕੋਟ ਨੂੰ ਪ੍ਰੀਖਿਆ ਸੈਂਟਰ ਕਿਉ ਨਹੀਂ ਬਣਾਇਆ ਗਿਆ? ਬੀ ਐਡ ਕਾਲਜ ਹੋਣ ਦੇ ਬਾਵਜੂਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਹੋਣ ਦੇ ਬਾਵਜੂਦ ਵੀ ਪ੍ਰੀਖਿਆ ਸੈਂਟਰ ਫ਼ਰੀਦਕੋਟ ਕਿਉਂ ਨਹੀਂ? ਇਸ ਦਾ ਇਕੋ ਇਕ ਕਾਰਨ ਜੋ ਸਾਹਮਣੇ ਦਿੱਖ ਰਿਹਾ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਫ਼ਾਰਮੇਸੀ ਅਫ਼ਸਰ ਦਾ ਪੇਪਰ ਜੋ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕੰਡਕਟ ਕਰਵਾਇਆ ਜਾ ਰਿਹਾ ਸੀ, ਉਹ ਪੇਪਰ ਲੀਕ ਹੋਇਆ। ਉਸ ਖ਼ਿਲਾਫ਼ ਪੱਕਾ ਮੋਰਚਾ ਯੂਨੀਵਰਸਿਟੀ ਸਾਹਮਣੇ ਲੱਗਾ ਹੋਇਆ ਹੈ। ਸਰਕਾਰ ਪੇਪਰ ਲੀਕ ਮਸਲੇ ਵਿੱਚ ਘਿਰੀ ਹੋਈ ਹੈ। ਆਮ ਆਦਮੀ ਪਾਰਟੀ ਦੇ ਅਗਵਾਈ ਵਾਲੀ ਸਰਕਾਰ ਵਿੱਚ ਛੇ ਪੇਪਰ ਲੀਕ ਹੋ ਚੁੱਕੇ ਹਨ ਅਤੇ ਜੋ ਵੀ ਭਰਤੀਆਂ ਹੋਈਆਂ ਹਨ ਓਸ ਵਿੱਚ ਰਾਜਨੀਤਿਕ ਦਖਲਅੰਦਾਜ਼ੀ, ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਹੋਈਆਂ ਹਨ। ਕਿੰਨੇ ਹੀ ਪੇਪਰ ਰੱਦ ਹੋਏ ਹਨ, ਗਲਤ ਤਰੀਕੇ ਨਾਲ਼ ਹੋਏ ਪੇਪਰਾਂ ਖ਼ਿਲਾਫ਼ ਕਿੰਨੇ ਹੀ ਵਿਦਿਆਰਥੀ ਕੋਰਟਾਂ ਵਿੱਚ ਗਏ ਹਨ ਪਰ ਇਸਨਾਫ਼ ਕਦੇ ਨਹੀਂ ਹੋਇਆ। ਦੇਸ਼ ਵਿੱਚ ਪੇਪਰ ਲੀਕ ਖਿਲਾਫ਼ ਮਾਹੌਲ ਬਣਿਆ ਅਤੇ ਇੱਕ ਵੱਡਾ ਅੰਦੋਲਨ ਹੋਇਆ ਅਤੇ ਵਿਦਿਆਰਥੀਆਂ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਪੰਜਾਬ ਸਟੂਡੈਂਟਸ ਯੂਨੀਅਨ ਨੇ ਮੰਗ ਕੀਤੀ ਕੇ ਪੰਜਾਬ ਸਰਕਾਰ ਲੀਕ ਮਾਮਲੇ ਤੇ ਦੋਸ਼ੀਆਂ ਤੇ ਕਾਰਵਾਈ ਕਰੇ ਤੇ ਫਾਰਮੇਸੀ ਆਫ਼ੀਸਰ ਦਾ ਪੇਪਰ ਰੱਦ ਕਰਕੇ ਦੁਬਾਰਾ ਲਵੇ ਤੇ ਸਿਹਤ ਮੰਤਰੀ ਦਾ ਅਸਤੀਫ਼ਾ ਵੀ ਲਿਆ ਜਾਵੇ।