ਜ਼ਿਲ੍ਹਾ ਫ਼ਰੀਦਕੋਟ ਦੇ 25 ਅਧਿਆਪਕਾਂ ਨੇ ਪ੍ਰਾਪਤ ਕੀਤੀ ਸਕਾਊਟ ਗਾਈਡ ਟ੍ਰੇਨਿੰਗ ਸਟੇਟ ਟ੍ਰੇਨਿੰਗ ਕੈਂਪ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੀ ਸ਼ਾਨਦਾਰ ਭਾਗੀਦਾਰੀ, 25 ਅਧਿਆਪਕਾਂ ਨੇ ਪ੍ਰਾਪਤ ਕੀਤੀ ਸਕਾਊਟ-ਗਾਈਡ ਟ੍ਰੇਨਿੰਗ
Publish Date: Thu, 02 Jul 2026 04:15 PM (IST)
Updated Date: Thu, 02 Jul 2026 04:17 PM (IST)
ਨੈਤਿਕ ਕਦਰਾਂ-ਕੀਮਤਾਂ, ਲੀਡਰਸ਼ਿਪ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਸਕੂਲਾਂ ਤੱਕ ਪਹੁੰਚਾਉਣ ਦਾ ਅਹਿਦ ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਵੱਲੋਂ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਅਧਿਆਪਕਾਂ ਲਈ ਕਰਵਾਏ ਗਏ ਸੱਤ ਰੋਜ਼ਾ ਬੇਸਿਕ ਅਤੇ ਐਡਵਾਂਸ ਸਕਾਊਟ-ਗਾਈਡ ਟ੍ਰੇਨਿੰਗ ਕੈਂਪ ਵਿੱਚ ਜ਼ਿਲ੍ਹਾ ਫ਼ਰੀਦਕੋਟ ਨੇ ਸਭ ਤੋਂ ਵੱਧ ਭਾਗੀਦਾਰੀ ਕਰਕੇ ਆਪਣੀ ਵਿਲੱਖਣ ਪਛਾਣ ਬਣਾਈ। ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਨਾਲ ਸੰਬੰਧਿਤ 25 ਅਧਿਆਪਕਾਂ ਨੇ ਇਸ ਟ੍ਰੇਨਿੰਗ ਵਿੱਚ ਹਿੱਸਾ ਲੈ ਕੇ ਸਕਾਊਟ-ਗਾਈਡ ਗਤੀਵਿਧੀਆਂ, ਲੀਡਰਸ਼ਿਪ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਸਬੰਧੀ ਵਿਸ਼ੇਸ਼ ਸਿਖਲਾਈ ਹਾਸਲ ਕੀਤੀ। ਇਹ ਟ੍ਰੇਨਿੰਗ ਕੈਂਪ ਨੈਸ਼ਨਲ ਟਰੇਨਰ ਕਰਨੈਲ ਸਿੰਘ, ਸਟੇਟ ਟ੍ਰੇਨਿੰਗ ਕਮਿਸ਼ਨਰ ਉਂਕਾਰ ਸਿੰਘ ਅਤੇ ਸਟੇਟ ਟ੍ਰੇਨਿੰਗ ਕਮਿਸ਼ਨਰ ਮੈਡਮ ਨੇਤਾ ਕਸ਼ਯਪ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕਾਂ ਨੇ ਭਾਗ ਲਿਆ। ਜ਼ਿਲ੍ਹਾ ਫ਼ਰੀਦਕੋਟ ਦੇ ਅਧਿਆਪਕਾਂ ਦੀ ਇਸ ਸ਼ਾਨਦਾਰ ਭਾਗੀਦਾਰੀ ਪਿੱਛੇ ਜ਼ਿਲ੍ਹਾ ਫ਼ਰੀਦਕੋਟ ਦੇ ਚੀਫ਼ ਕਮਿਸ਼ਨਰ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜਨਾ ਕੌਸ਼ਲ ਅਤੇ ਜ਼ਿਲ੍ਹਾ ਸਕੱਤਰ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਦੀ ਪ੍ਰੇਰਣਾਦਾਇਕ ਰਹਿਨੁਮਾਈ ਰਹੀ। ਇਸ ਤੋਂ ਇਲਾਵਾ ਡੀ.ਓ.ਸੀ. ਸਕਾਊਟ ਤਪਿੰਦਰ ਸਿੰਘ ਬੇਦੀ, ਡੀ.ਓ.ਸੀ. ਕੱਬ ਰਣਜੀਤ ਸਿੰਘ ਖੱਚੜਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਸੁਸ਼ੀਲ ਕੁਮਾਰ ਆਹੂਜਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 25 ਅਧਿਆਪਕਾਂ ਨੇ ਕੈਂਪ ਵਿੱਚ ਭਾਗ ਲਿਆ ਅਤੇ ਸਫ਼ਲਤਾਪੂਰਵਕ ਟ੍ਰੇਨਿੰਗ ਪ੍ਰਾਪਤ ਕੀਤੀ। ਟ੍ਰੇਨਿੰਗ ਤੋਂ ਵਾਪਸ ਆਏ ਅਧਿਆਪਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਉਨ੍ਹਾਂ ਨੂੰ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ, ਦੇਸ਼ ਭਗਤੀ, ਸੇਵਾ ਭਾਵਨਾ, ਲੀਡਰਸ਼ਿਪ, ਟੀਮ ਵਰਕ, ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੇ ਗੁਣ ਵਿਕਸਤ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਹਾਸਲ ਕੀਤੇ ਤਜਰਬੇ ਅਤੇ ਸਿੱਖਿਆ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਕੈਂਪ ਦੌਰਾਨ ਜਗਤਾਰ ਸਿੰਘ, ਪਵਨ ਕੁਮਾਰ, ਨਿਸ਼ਾਨ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਅਤੇ ਮਨਜੀਤ ਕੌਰ ਵਾੜਾ ਦਰਾਕਾ ਨੇ ਤਜਰਬੇਕਾਰ ਟਰੇਨਰਾਂ ਵਜੋਂ ਵੱਖ-ਵੱਖ ਵਿਸ਼ਿਆਂ ’ਤੇ ਵਿਹਾਰਕ ਅਤੇ ਸਿਧਾਂਤਕ ਸੈਸ਼ਨ ਕਰਵਾਏ। ਉਨ੍ਹਾਂ ਨੇ ਸਕਾਊਟਿੰਗ ਦੇ ਮੂਲ ਸਿਧਾਂਤਾਂ, ਆਫ਼ਤ ਪ੍ਰਬੰਧਨ, ਕੈਂਪ ਕਰਾਫਟ, ਪ੍ਰਾਇਮਰੀ ਏਡ, ਸਮਾਜ ਸੇਵਾ ਅਤੇ ਵਿਅਕਤੀਗਤ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਨੂੰ ਹੋਰ ਰੁਚਿਕਰ ਅਤੇ ਵਿਹਾਰਕ ਬਣਾਉਣ ਲਈ ਭਾਗੀਦਾਰਾਂ ਨੂੰ ਟਰੈਕਿੰਗ, ਕੁਦਰਤੀ ਵਾਤਾਵਰਨ ਨਾਲ ਜਾਣ-ਪਛਾਣ ਅਤੇ ਇਤਿਹਾਸਕ ਸਥਾਨਾਂ ਦੀ ਵਿਦਿਅਕ ਯਾਤਰਾ ਵੀ ਕਰਵਾਈ ਗਈ। ਇਨ੍ਹਾਂ ਗਤੀਵਿਧੀਆਂ ਨੇ ਅਧਿਆਪਕਾਂ ਵਿੱਚ ਸਾਹਸ, ਸਹਿਯੋਗ, ਅਨੁਸ਼ਾਸਨ ਅਤੇ ਕੁਦਰਤ ਪ੍ਰਤੀ ਜਾਗਰੂਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਕੈਂਪ ਦੀ ਸਮਾਪਤੀ ਮੌਕੇ ਟਰੇਨਰਾਂ ਅਤੇ ਪ੍ਰਬੰਧਕਾਂ ਨੇ ਭਾਗੀਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਇਹ ਟਰੇਨਿੰਗ ਸਕੂਲਾਂ ਵਿੱਚ ਸਕਾਊਟ-ਗਾਈਡ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਸਮਾਜ ਸੇਵਾ ਅਤੇ ਲੀਡਰਸ਼ਿਪ ਸਮਰੱਥਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗੀ। ਚੜ੍ਹਦੀ ਕਲਾ ਦੇ ਮਾਹੌਲ ਵਿੱਚ ਸੰਪੰਨ ਹੋਇਆ ਇਹ ਕੈਂਪ ਭਾਗੀਦਾਰ ਅਧਿਆਪਕਾਂ ਲਈ ਗਿਆਨ, ਅਨੁਭਵ ਅਤੇ ਪ੍ਰੇਰਣਾ ਦਾ ਇੱਕ ਯਾਦਗਾਰ ਸਫ਼ਰ ਸਾਬਤ ਹੋਇਆ।