- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪ੍ਰਸ਼ਾਸਨ ਤੇ ਸਭਿਆਚਾਰਕ ਸੁਸਾਇਟੀ ਵੱਲੋਂ ਮੇਲੇ ਦਾ ਸ਼ਡਿਊਲ ਜਾਰੀ

ਜਗਮੀਤ ਸਿੰਘ ਨੀਟਾ, ਪੰਜਾਬੀ ਜਾਗਰਣ, ਫ਼ਰੀਦਕੋਟ : ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਮੇਲੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸ.ਐਸ.ਪੀ.ਹਰਬੰਸ ਸਿੰਘ ਬੈਂਸ ਵੱਲੋਂ ਮੀਡੀਆ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਮੇਲੇ ਦੀ ਸਫਲਤਾ ਲਈ ਪ੍ਰੈਸ ਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਸ਼੍ਰੀ ਸੁਖਮਨੀ ਸਹਿਬ ਦੇ ਪਾਠ ਨਾਲ ਹੋਵੇਗਾ। ਇਸ ਉਪਰੰਤ ਖੂਨਦਾਨ ਕੈਂਪ ਕਿਲਾ ਮੁਬਾਰਕ ਵਿਖੇ ਅਤੇ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ,ਨਹਿਰੂ ਸਟੇਡੀਅਮ ਵਿਖੇ ਖੇਡ ਮੇਲੇ ਦੀ ਸੁਰੂਆਤ ਹੋਵੇਗੀ, ਬਾਬਾ ਫਰੀਦ ਸਾਹਿਤ ਮੇਲਾ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ ਅਤੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਲੋਕ ਨਾਚ ਅਤੇ ਕਰਾਫਟ ਮੇਲਾ ਹੋਵੇਗਾ। ਇਸ ਤੋਂ ਇਲਾਵਾ ਦਰਬਾਰ ਗੰਜ ਵਿਖੇ ਡਰਾਮਾ ਫੈਸਟੀਵਲ ਅਤੇ ਧਾਰਮਿਕ ਪ੍ਰੋਗਰਾਮ, ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਵਿਖੇ ਹੋਣਗੇ। ਸਭਿੱਆਚਾਰ ਪ੍ਰੋਗਰਾਮ ਨਵੀ ਦਾਣਾ ਮੰਡੀ ਸਾਦਿਕ ਰੋਡ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 20 ਸਤੰਬਰ ਨੂੰ ਵਿਰਾਸਤੀ ਕਾਫਲਾ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਫਰੀਦਕੋਟ ਤੱਕ ਹੋਵੇਗਾ। ਇਸ ਉਪਰੰਤ ਤਰਕਸ਼ੀਲ ਨਾਟਕ ਨਵੀਂ ਦਾਣਾ ਮੰਡੀ, ਪੇਟਿੰਗ ਪ੍ਰਦਰਸ਼ਨੀ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ, ਕੌਮੀ ਲੋਕ ਨਾਚ ਨਵੀਂ ਦਾਣਾ ਮੰਡੀ ਵਿਖੇ ਅਤੇ ਡਰਾਮਾ ਫੈਸਟੀਵਲ ਦਰਬਾਰ ਗੰਜ ਵਿਖੇ ਹੋਵੇਗਾ। ਮਿਤੀ 21 ਸਤੰਬਰ ਨੂੰ ਕੌਮੀ ਲੋਕ ਨਾਚ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ, ਸਿੰਕਦਰ ਸਲੀਮ ਅਤੇ ਅਲਾਪ ਸਿਕੰਦਰ ਸੂਫੀਆਨਾ ਸ਼ਾਮ ਨਵੀ ਦਾਣਾ ਮੰਡੀ ਵਿਖੇ ਹੋਣਗੇ। ਮਿਤੀ 22 ਸਤੰਬਰ ਨੂੰ ਕੌਮੀ ਲੋਕ ਨਾਚ ਪੰਜਾਬ ਡਿਗਰੀ ਕਾਲਜ ਮਹਿਮੂਆਣਾ, ਕੁਲਵਿੰਦਰ ਬਿੱਲਾ ਸਟਾਰ ਨਾਈਟ ਨਵੀ ਦਾਣਾ ਮੰਡੀ ਵਿਖੇ ਹੋਣਗੇ। ਇਸ ਤੋਂ ਇਲਾਵਾ ਪਸ਼ੂ ਮੇਲਾ 21,22 ਤੇ 23 ਸਤੰਬਰ ਨੂੰ ਨਵੀਂ ਦਾਣਾ ਮੰਡੀ ਸਾਦਿਕ ਰੋਡ ਵਿਖੇ ਲੱਗੇਗਾ। ਮਿਤੀ 23 ਸਤੰਬਰ ਨੂੰ ਨਗਰ ਕੀਰਤਨ ਟਿੱਲਾ ਬਾਬਾ ਫ਼ਰੀਦ ਜੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਪੁੱਜੇਗਾ। ਕ੍ਰਿਕਟ, ਹਾਕੀ,ਵਾਲੀਵਾਲ(ਸ਼ੂਟਿੰਗ) ਟੂਰਨਾਮੈਂਟ ਫਾਈਨਲ ਮੁਕਾਬਲਾ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ, ਇਨਾਮ ਵੰਡ ਸਮਾਰੋਹ ਗੁਰਦੁਆਰਾ ਗੋਦੜੀ ਸਾਹਿਬ,ਬਾਸਕਿਟ ਬਾਲ ਟੂਰਨਾਮੈਂਟ ਫਾਈਨਲ ਮੁਕਾਬਲਾ ਨਹਿਰੂ ਸਟੇਡੀਅਮ ਵਿਖੇ ਹੋਣਗੇ। ਮਿਤੀ 19 ਤੋਂ 28 ਸਤੰਬਰ ਤੱਕ ਕਰਾਫਟ ਮੇਲਾ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਲੱਗੇਗਾ, ਜਿਸ ਵਿੱਚ ਫੂਡ ਕੋਰਟ, ਝੂਲੇ, ਮੰਨੋਰੰਜਨ ਆਈਟਮਾਂ ਆਕਰਸ਼ਨ ਦਾ ਕੇਂਦਰ ਹੋਣਗੀਆਂ । ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਦੀ ਅਪੀਲ ਵੀ ਕੀਤੀ।ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਰਮੀ ਸੁਰੱਖਿਆ ਲਈ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ ਕੈਮਰੇ, ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਟ੍ਰੈਫਿਕ ਰੂਟ ਬਣਾਏ ਜਾਣਗੇ ਅਤੇ ਆਮ ਲੋਕਾਂ ਨੂੰ ਮੀਡੀਆ, ਫਲੈਕਸ ਬੋਰਡਾਂ ਰਾਹੀਂ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸ਼ਹਿਰ ਵਿੱਚ ਨਾਕੇ ਲਗਾਏ ਜਾਣਗੇ ਤਾਂ ਜੋ ਲੋੜ ਪੈਣ ਤੇ ਪੁਲਿਸ ਵੱਲੋਂ ਸਥਿਤੀ ਸੰਭਾਲੀ ਜਾ ਸਕੇ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਬਾਬਾ ਫ਼ਰੀਦ ਆਗਮਨ ਪੁਰਬ ਦੇ ਪ੍ਰੋਗਰਾਮ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਸਕੱਤਰ ਜ਼ਿਲ੍ਹਾ ਰੈਡ ਕਰਾਸ ਮਨਦੀਪ ਮੌਂਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੀਡੀਆ ਦੇ ਨੁਮਾਇੰਦੇ ਹਾਜ਼ਰ ਸਨ।