ਪੈਨਸ਼ਨ ਲਈ ਯੋਗ ਵਿਅਕਤੀ ਵੀ ਹੋ ਰਹੇ ਖੱਜਲ : ਡਾ. ਭਗਤੂਆਣਾ
ਪੈਨਸ਼ਨਾਂ ਲਈ ਯੋਗ ਵਿਅਕਤੀ ਵੀ ਹੋ ਰਹੇ ਹੈ ਖੱਜਲ ਖੁਆਰ : ਡਾ. ਭਗਤੂਆਣਾ
Publish Date: Fri, 27 Mar 2026 03:41 PM (IST)
Updated Date: Sat, 28 Mar 2026 03:59 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਵੱਲੋਂ ਚੱਲ ਰਹੀ ਬੁਢਾਪਾ, ਵਿਧਵਾ, ਆਸਰਿਤ ਅਤੇ ਅੰਗਹੀਣ ਪੈਨਸ਼ਨ ਲਗਵਾਉਣ ਲਈ ਯੋਗ ਵਿਅਕਤੀਆਂ ਨੂੰ ਵੀ ਇਸ ਸਮੇਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਉਕਤ ਪੈਨਸ਼ਨਾਂ ਲਗਵਾਉਣ ਲਈ ਸਰਕਾਰ ਨੇ ਆਧਾਰ ਕਾਰਡ, ਵੋਟ ਕਾਰਡ ਅਤੇ ਬੈਂਕ ਖ਼ਾਤਾ ਜ਼ਰੂਰੀ ਕੀਤਾ ਹੋਇਆ ਹੈ। ਪਰ ਬਹੁਤੇ ਲੋੜਵੰਦ ਲੋਕਾਂ ਦੀ ਉਮਰ ਆਧਾਰ ਕਾਰਡ ਅਤੇ ਵੋਟ ਕਾਰਡ ਤੇ ਇੱਕੋ ਸਾਲ ਦੀ ਨਹੀਂ ਹੁੰਦੀ, ਜਿਸ ਕਰਕੇ ਉਹ ਪੈਨਸ਼ਨ ਲੈਣ ਦੇ ਯੋਗ ਹੋਣ ਤੇ ਵੀ ਅਪਲਾਈ ਨਹੀਂ ਕਰ ਸਕਦੇ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਆਧਾਰ ਕਾਰਡ ਜਾਂ ਵੋਟ ਕਾਰਡ ਤੇ ਉਮਰ ਠੀਕ ਕਰਵਾਉਣ ਲਈ ਜਨਮ ਮਿਤੀ, ਦਸਵੀਂ ਦਾ ਸਰਟੀਫਿਕੇਟ, ਹੈਵੀ ਡਰਾਈਵਿੰਗ ਲਾਇਸੈਂਸ ਜਾਂ ਫਿਰ ਪਾਸਪੋਰਟ ਹੋਣਾ ਜ਼ਰੂਰੀ ਕੀਤਾ ਹੈ, ਇਨ੍ਹਾਂ ਚੋਂ ਬਹੁਤੇ ਲੋਕਾਂ ਕੋਲ ਕੁਝ ਵੀ ਨਹੀਂ, ਜਿਸ ਕਾਰਨ ਨਾਂ ਤਾਂ ਉਨ੍ਹਾਂ ਦਾ ਵੋਟਰ ਕਾਰਡ ਠੀਕ ਹੋ ਰਿਹਾ ਅਤੇ ਨਾਂ ਆਧਾਰ ਕਾਰਡ। ਡਾ. ਗੁਰਚਰਨ ਭਗਤੂਆਣਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਪੈਨਸ਼ਨ ਲਗਵਾਉਣ ਲਈ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਹੀ ਸਹੀ ਮੰਨਿਆ ਜਾਵੇ।