ਫ਼ਰੀਦਕੋਟ ਪੁਸਤਕ ਮੇਲੇ ’ਚ ਬਰਾੜ ਜੈਸੀ ਦੀ ਕਿਤਾਬ ਲੋਕ ਅਰਪਣ ਫ਼ਰੀਦਕੋਟ ਪੁਸਤਕ ਮੇਲੇ ਵਿੱਚ ਬਰਾੜ ਜੈਸੀ ਦੀ ਅੱਠਵੀਂ ਕਿਤਾਬ 'ਜਾਤ ਵੱਡੀ ਜਾਂ ਬੰਦਾ ?' ਲੋਕ ਅਰਪਣ
Publish Date: Sat, 19 Sep 2026 03:51 PM (IST)
Updated Date: Sat, 19 Sep 2026 03:53 PM (IST)
ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ ਫ਼ਰੀਦਕੋਟ ਵਿਖੇ ਸ਼ੁਰੂ ਹੋਏ ਪੰਜ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤਕ ਉਤਸਵ ਦੇ ਪਹਿਲੇ ਦਿਨ ਲੇਖਿਕਾ ਬਰਾੜ ਜੈਸੀ ਦੀ ਨਵੀਂ ਅਤੇ ਅੱਠਵੀਂ ਕਿਤਾਬ ਜਾਤ ਵੱਡੀ ਜਾਂ ਬੰਦਾ ? ਨੂੰ ਮੁੱਖ ਮੰਚ ਤੋਂ ਸ਼ਾਨਦਾਰ ਤਰੀਕੇ ਨਾਲ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਕਿਤਾਬ ਨੂੰ ਰਿਲੀਜ਼ ਕਰਨ ਦੀ ਅਹਿਮ ਰਸਮ ਫ਼ਰੀਦਕੋਟ ਦੇ ਮਾਣਯੋਗ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਹਿਤਕ ਅਤੇ ਪ੍ਰਸ਼ਾਸਨਿਕ ਖੇਤਰ ਦੀਆਂ ਕਈ ਨਾਮਵਰ ਹਸਤੀਆਂ ਮੰਚ ਤੇ ਸੁਸ਼ੋਭਿਤ ਸਨ, ਜਿਨ੍ਹਾਂ ਵਿੱਚ ਕੁਮਾਰ ਜਗਦੇਵ ਸਿੰਘ, ਵਿਜੈ ਵਿਵੈਕ, ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਅਤੇ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਇਸ ਨਵੀਂ ਕਿਤਾਬ ਦੇ ਨਾਲ-ਨਾਲ ਬਰਾੜ ਜੈਸੀ ਦੀਆਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਹੋਰ ਚਰਚਿਤ ਕਿਤਾਬਾਂ ਵੀ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀਆਂ ਗਈਆਂ ਹਨ, ਜੋ ਕਿ ਮੇਲੇ ਵਿੱਚ ਪੰਜਾਬੀ ਕਵੀ ਪਬਲੀਕੇਸ਼ਨ ਦੇ ਸਟਾਲ ਤੇ ਉਪਲਬਧ ਹਨ। ਇਸ ਕਿਤਾਬ ਰਿਲੀਜ਼ ਸਮਾਰੋਹ ਮੌਕੇ ਪ੍ਰਕਾਸ਼ਕ ਲਵਪ੍ਰੀਤ ਸਿੰਘ (ਪੰਜਾਬੀ ਕਵੀ ਪਬਲੀਕੇਸ਼ਨ) ਅਤੇ ਬਲਜੀਤ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਸਨ।