ਫਰੀਦਕੋਟ ਦੀ ਡੰਪਿੰਗ ਸਾਈਟ ’ਤੇ ਕੂੜਾ ਸਾੜਨ ਦਾ ਮਾਮਲਾ ਭਖਿਆ ਫਰੀਦਕੋਟ ਦੀ ਡੰਪਿੰਗ ਸਾਈਟ ’ਤੇ ਕੂੜਾ ਸਾੜਨ ਦਾ ਮਾਮਲਾ ਭਖਿਆ, ਅਰਸ਼ ਸੱਚਰ ਨੇ ਜਾਂਚ ਤੇ ਕਾਰਵਾਈ ਦੀ ਕੀਤੀ ਮੰਗ
Publish Date: Tue, 06 Oct 2026 04:58 PM (IST)
Updated Date: Wed, 07 Oct 2026 04:05 AM (IST)
ਅਰਸ਼ ਸੱਚਰ ਨੇ ਜਾਂਚ ਤੇ ਕਾਰਵਾਈ ਦੀ ਕੀਤੀ ਮੰਗ, ਡੀਸੀ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਕੌਂਸਲ ਦੀ ਸਾਂਝੀ ਟੀਮ ਮੌਕੇ ’ਤੇ ਭੇਜਣ ਦੀ ਅਪੀਲ ਸਟਾਫ ਰਿਪੋਰਟ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੇ ਕੋਟਕਪੂਰਾ ਰੋਡ ’ਤੇ ਸਥਿਤ ਮੁੱਖ ਡੰਪਿੰਗ ਸਾਈਟ ’ਤੇ ਕੂੜਾ ਸਾੜਨ ਕਾਰਨ ਫੈਲ ਰਹੇ ਧੂੰਏਂ ਤੇ ਹਵਾ ਪ੍ਰਦੂਸ਼ਣ ਦਾ ਮੁੱਦਾ ਉੱਠਣ ਲੱਗਾ ਹੈ। ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਤੇ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ਦੀਆਂ ਕਾਪੀਆਂ ਮੁੱਖ ਸਕੱਤਰ ਪੰਜਾਬ, ਡਿਪਟੀ ਕਮਿਸ਼ਨਰ ਫ਼ਰੀਦਕੋਟ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫ਼ਰੀਦਕੋਟ ਅਤੇ ਨਗਰ ਕੌਂਸਲ ਫ਼ਰੀਦਕੋਟ ਦੇ ਕਾਰਜ ਸਾਧਕ ਅਫ਼ਸਰ ਨੂੰ ਵੀ ਭੇਜੀਆਂ ਗਈਆਂ ਹਨ। ਅਰਸ਼ ਸੱਚਰ ਨੇ ਕਿਹਾ ਕਿ ਡੰਪਿੰਗ ਸਾਈਟ ਤੋਂ ਉੱਠਣ ਵਾਲਾ ਧੂੰਆਂ ਆਲੇ-ਦੁਆਲੇ ਦੇ ਇਲਾਕਿਆਂ ਅਤੇ ਸੜਕ ਵੱਲ ਫੈਲ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਣ ’ਤੇ ਮਾੜੇ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਅਨੁਸਾਰ ਬੱਚਿਆਂ, ਬਜ਼ੁਰਗਾਂ ਅਤੇ ਦਮੇ ਸਮੇਤ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਅਜਿਹੇ ਹਾਲਾਤ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਸਵਾਲ ਕੀਤਾ ਕਿ ਡੰਪਿੰਗ ਸਾਈਟ ’ਤੇ ਕੂੜਾ ਕੌਣ ਸਾੜ ਰਿਹਾ ਹੈ ਅਤੇ ਜੇਕਰ ਕੂੜਾ ਸਾੜਨ ਦੀ ਮਨਾਹੀ ਹੈ ਤਾਂ ਇਸ ਨੂੰ ਰੋਕਣ ਲਈ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੂੜੇ ਦੇ ਢੁੱਕਵੇਂ ਨਿਪਟਾਰੇ, ਸਾਈਟ ਦੀ ਨਿਗਰਾਨੀ ਅਤੇ ਪ੍ਰਬੰਧਾਂ ਲਈ ਜ਼ਿੰਮੇਵਾਰ ਵਿਭਾਗ ਜਾਂ ਏਜੰਸੀ ਦੀ ਭੂਮਿਕਾ ਵੀ ਸਪੱਸ਼ਟ ਹੋਣੀ ਚਾਹੀਦੀ ਹੈ। ਅਰਸ਼ ਸੱਚਰ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਫ਼ਰੀਦਕੋਟ ਦੀ ਸਾਂਝੀ ਟੀਮ ਤੁਰੰਤ ਡੰਪਿੰਗ ਸਾਈਟ ਦਾ ਦੌਰਾ ਕਰੇ। ਟੀਮ ਵੱਲੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਤਸਵੀਰਾਂ ਅਤੇ ਵੀਡੀਓਜ਼ ਸਮੇਤ ਰਿਕਾਰਡ ਤਿਆਰ ਕੀਤਾ ਜਾਵੇ ਅਤੇ ਕੂੜਾ ਸਾੜਨ ਦੇ ਮਾਮਲੇ ਵਿੱਚ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੂੜਾ ਇਕੱਠਾ ਕਰਨ, ਢੋਆ-ਢੁਆਈ ਜਾਂ ਨਿਪਟਾਰੇ ਦਾ ਕੰਮ ਕਿਸੇ ਠੇਕੇਦਾਰ ਜਾਂ ਨਿੱਜੀ ਏਜੰਸੀ ਨੂੰ ਸੌਂਪਿਆ ਗਿਆ ਹੈ ਤਾਂ ਉਸ ਦੇ ਕੰਮ ਅਤੇ ਠੇਕੇ ਦੀਆਂ ਸ਼ਰਤਾਂ ਦੀ ਜਾਂਚ ਕੀਤੀ ਜਾਵੇ। ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਵਿਅਕਤੀਆਂ ਜਾਂ ਏਜੰਸੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਡੰਪਿੰਗ ਸਾਈਟ ਦੀ ਨਿਯਮਿਤ ਨਿਗਰਾਨੀ, ਸੀਸੀਟੀਵੀ ਕੈਮਰੇ ਲਗਾਉਣ ਅਤੇ ਸਮੇਂ-ਸਮੇਂ ’ਤੇ ਅਧਿਕਾਰੀਆਂ ਵੱਲੋਂ ਜਾਂਚ ਕਰਨ ਦੀ ਵਿਵਸਥਾ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਅਰਸ਼ ਸੱਚਰ ਨੇ ਕਿਹਾ ਕਿ ਸਾਫ਼ ਹਵਾ ਵਿੱਚ ਸਾਹ ਲੈਣਾ ਲੋਕਾਂ ਦਾ ਹੱਕ ਹੈ ਅਤੇ ਇਸ ਮਾਮਲੇ ਨੂੰ ਸਿਰਫ਼ ਕੂੜੇ ਦੇ ਨਿਪਟਾਰੇ ਤੱਕ ਸੀਮਤ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਕਦਮ ਚੁੱਕੇ ਜਾਣ, ਕੂੜਾ ਸਾੜਨ ਦੀ ਸਮੱਸਿਆ ’ਤੇ ਰੋਕ ਲਗਾਈ ਜਾਵੇ ਅਤੇ ਜ਼ਿੰਮੇਵਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।