- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ-ਪਿੰਡ ਦਿਖਾਈ ਜਾ ਰਹੀ ਹੈ ਵਿਸ਼ੇਸ਼ ਡਾਕੂਮੈਂਟਰੀ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ ਵਿੱਚ ਦਸਤਾਵੇਜ਼ੀ ਫ਼ਿਲਮ (ਡਾਕੂਮੈਂਟਰੀ) ਦਿਖਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੁਹਿੰਮ ਦਾ ਮਕਸਦ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫ਼ਲਸਫ਼ੇ, ਬਾਣੀ ਅਤੇ ਸਮਾਜਿਕ ਬਰਾਬਰੀ, ਮਨੁੱਖਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਹਰ ਘਰ ਅਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਸੇ ਲੜੀ ਤਹਿਤ ਬੀਤੀ ਸ਼ਾਮ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਲੰਭਵਾਲੀ ਅਤੇ ਬਾਜਾਖਾਨਾ ਵਿਖੇ ਕਰੀਬ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਹਾਜ਼ਰ ਹੋਏ। ਡਾਕੂਮੈਂਟਰੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਮਹੱਤਵਪੂਰਨ ਪੱਖਾਂ, ਉਨ੍ਹਾਂ ਦੇ ਆਧਿਆਤਮਿਕ ਸੰਦੇਸ਼, ਸਮਾਜਿਕ ਸੁਧਾਰਾਂ ਅਤੇ ਮਨੁੱਖੀ ਬਰਾਬਰੀ ਦੇ ਸਿਧਾਂਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਹ ਵਿਲੱਖਣ ਪਹਿਲ ਸਮਾਜ ਵਿੱਚ ਗੁਰੂ ਸਾਹਿਬ ਦੇ ਉੱਚੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਆਪਣੇ ਮਹਾਨ ਗੁਰੂਆਂ, ਸੰਤਾਂ ਅਤੇ ਮਹਾਪੁਰਖਾਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਉਨ੍ਹਾਂ ਦੇ ਦੱਸੇ ਹੋਏ ਰਸਤੇ ’ਤੇ ਚੱਲਦਿਆਂ ਇੱਕ ਚੰਗੇ ਅਤੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਮਾਜ ਨੂੰ ਸਮਾਨਤਾ, ਭਾਈਚਾਰੇ, ਮਿਹਨਤ, ਸੱਚਾਈ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਵਿਚਾਰ ਅੱਜ ਵੀ ਉਨ੍ਹਾਂ ਹੀ ਪ੍ਰਸੰਗਿਕ ਹਨ, ਜਿੰਨੇ ਸਦੀਆਂ ਪਹਿਲਾਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਡਾਕੂਮੈਂਟਰੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ੇਸ਼ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਲਗਾਤਾਰ ਜਾਰੀ ਰਹੇਗੀ। ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਡਾਕੂਮੈਂਟਰੀ ਦਿਖਾ ਕੇ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਸਮਾਗਮ ਕਰਵਾਉਣਾ ਨਹੀਂ, ਸਗੋਂ ਸਮਾਜ ਵਿੱਚ ਆਪਸੀ ਸਦਭਾਵਨਾ, ਸਮਾਜਿਕ ਏਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ। ਡਾਕੂਮੈਂਟਰੀ ਦੇ ਪ੍ਰਦਰਸ਼ਨ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅੱਜ ਵੀ ਸਮਾਜ ਨੂੰ ਸੱਚ, ਇਨਸਾਫ਼, ਸਮਾਨਤਾ, ਆਪਸੀ ਸਤਿਕਾਰ ਅਤੇ ਮਨੁੱਖੀ ਏਕਤਾ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਮਹਾਨ ਆਧਿਆਤਮਿਕ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪਿੰਡ ਵਾਸੀਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ-ਪਿੰਡ ਅਤੇ ਸਕੂਲਾਂ, ਕਾਲਜਾਂ ਸਮੇਤ ਹੋਰ ਜਨਤਕ ਸਥਾਨਾਂ ’ਤੇ ਲਗਾਤਾਰ ਕਰਵਾਏ ਜਾਣ ਤਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਉੱਚੇ ਆਦਰਸ਼ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇਗਾ। ਇਸ ਨਾਲ ਸਮਾਜ ਵਿੱਚ ਭਾਈਚਾਰਾ, ਸਮਾਜਿਕ ਸਦਭਾਵਨਾ, ਆਪਸੀ ਪਿਆਰ ਅਤੇ ਏਕਤਾ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਪ੍ਰੇਰਣਾ ਮਿਲੇਗੀ। ਇਸ ਮੌਕੇ ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ ਅਤੇ ਪਿੰਡ ਡੋਡ ਦੇ ਸਰਪੰਚ ਕੁਲਦੀਪ ਸਿੰਘ ਗਿੱਲ ਹਾਜ਼ਰ ਸਨ।