ਵਿਸ਼ਵ ਰੈਬੀਜ਼ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਵਿਸ਼ਵ ਰੈਬੀਜ਼ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ
Publish Date: Mon, 28 Sep 2026 04:39 PM (IST)
Updated Date: Mon, 28 Sep 2026 04:39 PM (IST)
ਮਾਹਰਾਂ ਨੇ ਹਲਕਾਅ ਤੋਂ ਬਚਾਅ ਤੇ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਵਿਸ਼ਵ ਰੈਬੀਜ਼ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਰੈਬੀਜ਼ (ਹਲਕਾਅ) ਤੋਂ ਬਚਾਅ ਅਤੇ ਇਸ ਦੀ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ ਟਰੇਨਿੰਗ ਹਾਲ, ਦਫ਼ਤਰ ਸਿਵਲ ਸਰਜਨ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੈਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਰੈਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ, ਜੋ ਸੰਕਰਮਿਤ ਜਾਨਵਰ ਦੇ ਕੱਟਣ, ਵੱਢਣ ਜਾਂ ਝਰੀਟ ਲੱਗਣ ਨਾਲ ਮਨੁੱਖ ਵਿੱਚ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁੱਤੇ ਤੋਂ ਇਲਾਵਾ ਬਿੱਲੀ, ਨਿਓਲਾ, ਗਿੱਦੜ ਅਤੇ ਹੋਰ ਜਾਨਵਰਾਂ ਦੇ ਕੱਟਣ ਜਾਂ ਝਰੀਟ ਲੱਗਣ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਾਨਵਰ ਦੇ ਕੱਟਣ ਜਾਂ ਝਰੀਟ ਲੱਗਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੇ ਦੇਸੀ ਟੋਟਕੇ ਨਾ ਵਰਤੇ ਜਾਣ ਅਤੇ ਜ਼ਖ਼ਮ ’ਤੇ ਮਿਰਚਾਂ, ਸਰ੍ਹੋਂ ਦਾ ਤੇਲ ਜਾਂ ਹੋਰ ਪਦਾਰਥ ਨਾ ਲਗਾਏ ਜਾਣ। ਜ਼ਖ਼ਮ ਨੂੰ ਤੁਰੰਤ ਵਗਦੇ ਪਾਣੀ ਅਤੇ ਸਾਬਣ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋ ਕੇ, ਜਲਦ ਤੋਂ ਜਲਦ ਸਿਹਤ ਕੇਂਦਰ ਵਿਖੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਡਾਕਟਰੀ ਸਲਾਹ ਦੇ ਜ਼ਖ਼ਮ ’ਤੇ ਟਾਂਕੇ ਜਾਂ ਪੱਟੀ ਨਹੀਂ ਲਗਾਉਣੀ ਚਾਹੀਦੀ। ਡਾ. ਗੁਪਤਾ ਨੇ ਦੱਸਿਆ ਕਿ ਰੈਬੀਜ਼ ਤੋਂ ਬਚਾਅ ਲਈ ਸਮੇਂ ਸਿਰ ਅਤੇ ਡਾਕਟਰ ਦੀ ਸਲਾਹ ਅਨੁਸਾਰ ਐਂਟੀ-ਰੈਬੀਜ਼ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਪੱਧਰ ਦੇ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਜਾਨਵਰਾਂ ਦੇ ਕੱਟਣ ਤੋਂ ਬਾਅਦ ਲੋੜੀਂਦਾ ਟੀਕਾਕਰਨ ਮੁਫ਼ਤ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਬਚਣ ਅਤੇ ਡਾਕਟਰੀ ਇਲਾਜ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ ਨੇ ਕਿਹਾ ਕਿ ਪਾਲਤੂ ਜਾਨਵਰਾਂ ਨਾਲ ਪਿਆਰ ਨਾਲ ਵਿਵਹਾਰ ਕੀਤਾ ਜਾਵੇ, ਪਰ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਬੇਲੋੜਾ ਛੇੜਨ ਤੋਂ ਬਚਿਆ ਜਾਵੇ। ਜਾਨਵਰਾਂ ਦੇ ਛੋਟੇ ਬੱਚਿਆਂ ਤੋਂ ਵੀ ਬੱਚਿਆਂ ਨੂੰ ਦੂਰ ਰੱਖਣ ਲਈ ਮਾਪਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਦਾ ਤਿੰਨ ਮਹੀਨਿਆਂ ਦੀ ਉਮਰ ਤੋਂ ਰੈਬੀਜ਼ ਵਿਰੁੱਧ ਟੀਕਾਕਰਨ ਸ਼ੁਰੂ ਕਰਕੇ ਹਰ ਸਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਾਨਵਰ ਦੇ ਕੱਟਣ ਤੋਂ ਬਾਅਦ ਹਥੌਲਾ, ਮੰਤਰ ਜਾਂ ਹੋਰ ਅੰਧਵਿਸ਼ਵਾਸੀ ਤਰੀਕਿਆਂ ਦੀ ਵਰਤੋਂ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਪਹੁੰਚ ਕੇ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋਲ-ਫ਼ਰੀ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸਮਾਗਮ ਦੌਰਾਨ ਹਾਜ਼ਰੀਨ ਨੂੰ ਰੈਬੀਜ਼ ਤੋਂ ਬਚਾਅ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ।