- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਪਕ ਜੈਤੋਈ ਮੰਚ ਜੈਤੋ ਦੀ ਮਹੀਨਾਵਾਰ ਸਾਹਿਤਕ ਬੈਠਕ ਸੰਪੰਨ

ਦੀਪਕ ਜੈਤੋਈ ਮੰਚ ਜੈਤੋ ਦੀ ਮਹੀਨਾਵਾਰ ਸਾਹਿਤਕ ਬੈਠਕ ਸੰਪੰਨ
ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਰਚਨਾਤਮਕ ਚੇਤਨਾ ਨੂੰ ਪ੍ਰਫੁੱਲਤ ਕਰਨ ਲਈ ਸਰਗਰਮ ਦੀਪਕ ਜੈਤੋਈ ਮੰਚ ਜੈਤੋ (ਰਜਿ:) ਦੀ ਮਹੀਨਾਵਾਰ ਸਾਹਿਤਕ ਬੈਠਕ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਉਤਸ਼ਾਹ ਅਤੇ ਸਾਹਿਤਕ ਮਾਹੌਲ ਵਿੱਚ ਕਰਵਾਈ ਗਈ। ਬੈਠਕ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਵਾਸਦੇਵ ਸ਼ਰਮਾ ਬਾਜਾਖਾਨਾ ਅਤੇ ਰਣਜੀਤ ਸਿੰਘ ਖੱਚੜਾਂ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਮੰਚ ਦੀਆਂ ਭਵਿੱਖੀ ਗਤੀਵਿਧੀਆਂ, ਸਾਹਿਤਕ ਵਿਸਥਾਰ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਉੱਘੇ ਚਿੰਤਕ ਅਤੇ ਸਾਹਿਤਕਾਰ ਵਾਸਦੇਵ ਸ਼ਰਮਾ ਬਾਜਾਖਾਨਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਸ਼ਵ ਸਾਹਿਤ ਦੇ ਮਹਾਨ ਰਚਨਾਕਾਰਾਂ ਅਤੇ ਉਨ੍ਹਾਂ ਦੀਆਂ ਕਾਲਜਈ ਰਚਨਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਤ ਮਨੁੱਖ ਨੂੰ ਸੋਚਣ, ਸਮਝਣ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਦੀ ਤਾਕਤ ਰੱਖਦਾ ਹੈ। ਉਨ੍ਹਾਂ ਧਾਰਮਿਕ ਸਾਹਿਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਧਰਮ ਦਾ ਮੂਲ ਸੰਦੇਸ਼ ਪਿਆਰ, ਸੱਚਾਈ, ਸਹਿਣਸ਼ੀਲਤਾ ਅਤੇ ਮਨੁੱਖਤਾ ਹੈ, ਪਰ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਧਰਮ ਦੀ ਗਲਤ ਵਿਆਖਿਆ ਕਰਕੇ ਸਮਾਜ ਵਿੱਚ ਨਫ਼ਰਤ ਅਤੇ ਟਕਰਾਅ ਦਾ ਮਾਹੌਲ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਧਾਰਮਿਕਤਾ ਮਨੁੱਖ ਨੂੰ ਇੱਕ ਚੰਗਾ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੀ ਹੈ ਅਤੇ ਇਹੀ ਹਰ ਧਰਮ ਦਾ ਮੁੱਖ ਉਦੇਸ਼ ਹੈ। ਉਪਰੰਤ ਹੋਏ ਕਾਵਿ ਦਰਬਾਰ ਦੌਰਾਨ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਬਿਹਤਰੀਨ ਰਚਨਾਵਾਂ ਰਾਹੀਂ ਸਾਹਿਤ-ਪ੍ਰੇਮੀਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਮੰਚ ਦੇ ਸਟੇਜ ਸਕੱਤਰ ਤੇ ਪੀ.ਆਰ.ਓ., ਉੱਘੇ ਰੇਡੀਓ ਐਂਕਰ, ਸੀਨੀਅਰ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਹਰਮੇਲ ਪਰੀਤ ਨੇ ਕੈਨੇਡਾ ਵੱਸਦੇ ਪ੍ਰਸਿੱਧ ਸ਼ਾਇਰ ਤੇ ਮੰਚ ਦੇ ਮੁੱਖ ਸਲਾਹਕਾਰ ਹਰਦਮ ਮਾਨ ਵੱਲੋਂ ਭੇਜੀ ਗਈ ਪ੍ਰਭਾਵਸ਼ਾਲੀ ਗ਼ਜ਼ਲ ਸੁਣਾਈ, ਜਿਸ ਨੂੰ ਸਰੋਤਿਆਂ ਨੇ ਖੂਬ ਸਰਾਹਿਆ। ਇਸ ਤੋਂ ਇਲਾਵਾ ਉਨ੍ਹਾਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਸਮਾਜਿਕ ਚੇਤਨਾ ਅਤੇ ਮਨੁੱਖੀ ਭਾਵਨਾਵਾਂ ਦਾ ਸੁੰਦਰ ਪ੍ਰਗਟਾਵਾ ਸੀ। ਇਸ ਮੌਕੇ ਗੀਤਕਾਰ ਮਲਕੀਤ ਕਿੱਟੀ ਅਤੇ ਬਲਦੇਵ ਕ੍ਰਿਸ਼ਨ ਨੇ ਆਪਣੇ ਸੁਰੀਲੇ ਗੀਤਾਂ ਨਾਲ ਸਾਹਿਤਕ ਮਹਿਫ਼ਲ ਦਾ ਰੰਗ ਹੋਰ ਵੀ ਗੂੜ੍ਹਾ ਕੀਤਾ। ਇਸ ਮੌਕੇ ਲਾਭ ਸਿੰਘ ਡੋਡ ਨੇ ਸਮਾਜਿਕ ਸਰੋਕਾਰਾਂ ਨੂੰ ਛੂਹਦੀ ਕਵਿਤਾ ਪੇਸ਼ ਕੀਤੀ, ਜਦਕਿ ਭੁਪਿੰਦਰ ਬਰਾੜ ਨੇ ਪ੍ਰਸਿੱਧ ਗੀਤਕਾਰ ਹਰਚੰਦ ਸਿੰਘ ‘ਕੰਦੀ ਡੇਲਿਆਂਵਾਲੀ’ ਦਾ ਲਿਖਿਆ ਗੀਤ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਸੁਣਾਇਆ। ਇਸ ਦੌਰਾਨ ਦਵਿੰਦਰ ਸਿੰਘ ਨੇ ਆਪਣੀ ਗ਼ਜ਼ਲ ਦੀ ਦਿਲਕਸ਼ ਪੇਸ਼ਕਾਰੀ ਨਾਲ ਹਾਜ਼ਰੀਨ ਤੋਂ ਭਰਪੂਰ ਦਾਦ ਹਾਸਲ ਕੀਤੀ, ਜਦਕਿ ਰਣਜੀਤ ਸਿੰਘ ਖੱਚੜਾਂ ਨੇ ਆਪਣੀਆਂ ਬਾਲ ਰਚਨਾਵਾਂ ਰਾਹੀਂ ਸਾਹਿਤ ਦੇ ਇੱਕ ਵੱਖਰੇ ਅਤੇ ਮਹੱਤਵਪੂਰਨ ਪੱਖ ਨੂੰ ਉਜਾਗਰ ਕੀਤਾ। ਇਸ ਮੌਕੇ ਜਗਜੀਤ ਸਿੰਘ ਨੇ ਵੀ ਸਾਹਿਤ ਅਤੇ ਸਮਾਜ ਨਾਲ ਜੁੜੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਚਨਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬੈਠਕ ਦੇ ਅੰਤ ਵਿੱਚ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਹਾਜ਼ਰ ਸਮੂਹ ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਦੀਪਕ ਜੈਤੋਈ ਮੰਚ ਪਿਛਲੇ ਕਈ ਸਾਲਾਂ ਤੋਂ ਸਾਹਿਤਕ ਗਤੀਵਿਧੀਆਂ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਹਿਤਕ ਬੈਠਕਾਂ ਨਾ ਸਿਰਫ਼ ਰਚਨਾਕਾਰਾਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਮੰਚ ਪ੍ਰਦਾਨ ਕਰਦੀਆਂ ਹਨ, ਸਗੋਂ ਸਾਹਿਤਕ ਸੰਵਾਦ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਵੀ ਮਜ਼ਬੂਤ ਕਰਦੀਆਂ ਹਨ। ਬੈਠਕ ਦੀ ਸਮਾਪਤੀ ਮੌਕੇ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਮਹਿੰਦਰ ਸਾਥੀ ਦਾ ਪ੍ਰਸਿੱਧ ਕਲਾਮ ‘ਜਦੋਂ ਤੱਕ ਰਾਤ ਬਾਕੀ ਹੈ’ ਬੜੇ ਹੀ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤਾ, ਜਿਸ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ। ਇਸ ਉਪਰੰਤ ਉਨ੍ਹਾਂ ਬੈਠਕ ਦੀ ਸਮਾਪਤੀ ਦਾ ਐਲਾਨ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸੁੰਦਰ ਸਿੰਘ ਬਾਜਾਖਾਨਾ ਨੇ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਨਿਭਾਇਆ, ਜਿਸ ਦੀ ਹਾਜ਼ਰ ਸਾਹਿਤਕਾਰਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ। ਸਮੁੱਚਾ ਸਮਾਗਮ ਸਾਹਿਤਕ ਚਿੰਤਨ, ਰਚਨਾਤਮਕਤਾ ਅਤੇ ਆਪਸੀ ਵਿਚਾਰ-ਵਟਾਂਦਰੇ ਦਾ ਸੁੰਦਰ ਸੰਗਮ ਬਣ ਕੇ ਸਮਾਪਤ ਹੋਇਆ।