ਈਸ਼ਰ ਸਿੰਘ ਲੰਭਵਾਲੀ ਨਾਲ ਰੂਬਰੂ ਸਮਾਗਮ ਕਰਵਾਇਆ
ਦੀਪਕ ਜੈਤੋਈ ਮੰਚ ਨੇ ਈਸ਼ਰ ਸਿੰਘ ਲੰਭਵਾਲੀ ਨਾਲ ਰੂ-ਬਰੂ ਸਮਾਗਮ ਕਰਵਾਇਆ
Publish Date: Mon, 16 Feb 2026 04:37 PM (IST)
Updated Date: Tue, 17 Feb 2026 04:03 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਦੀਪਕ ਜੈਤੋਈ ਮੰਚ (ਰਜਿ:) ਜੈਤੋ ਵੱਲੋਂ ਇਲਾਕੇ ਦੇ ਉੱਘੇ ਲੇਖਕ ਤੇ ਕਵੀਸ਼ਰ ਈਸ਼ਰ ਸਿੰਘ ਲੰਭਵਾਲੀ ਨਾਲ ਰੂ-ਬਰੂ ਸਮਾਗਮ ਇੱਥੇ ਪੈਨਸ਼ਨਰਜ਼ ਭਵਨ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਅਜਿੱਤਗਿੱਲ, ਪ੍ਰੋਫ਼ੈਸਰ ਤਰਸੇਮ ਨਰੂਲਾ ਅਤੇ ਤ੍ਰਿਲੋਕੀ ਵਰਮਾ ਨੇ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਮੁਖਾਤਿਬ ਹੁੰਦਿਆਂ ਪ੍ਰਸਿੱਧ ਲੇਖਕ ਤੇ ਕਵੀਸ਼ਰ ਈਸ਼ਰ ਸਿੰਘ ਲੰਭਵਾਲੀ ਨੇ ਦੱਸਿਆ ਕਿ ਏਅਰਫੋਰਸ ਦੀ ਨੌਕਰੀ ਦੌਰਾਨ ਉਨ੍ਹਾਂ ਆਪਣੀ ਪੜ੍ਹਾਈ ਨੂੰ ਅੱਗੇ ਵਧਾਇਆ, ਲਿਖਣਾ ਸ਼ੁਰੂ ਕੀਤਾ ਅਤੇ ਸੰਗੀਤ ਸਾਜ ਵਜਾਉਣੇ ਸਿੱਖੇ। ਉਨ੍ਹਾਂ ਕਿਹਾ ਕਿ ਕਲਾ ਮਨੁੱਖ ਨੂੰ ਅੰਦਰੋਂ ਨਿਖਾਰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਕਵਿਤਾ ਤੇ ਕਹਾਣੀ ਲਿਖਦੇ ਹਨ ਅਤੇ ਹੁਣ ਤੱਕ ਪੰਜ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ ਤੇ ਇਕ ਮਿੰਨੀ ਕਹਾਣੀ ਸੰਗ੍ਰਹਿ ਸਮੇਤ ਦਸ ਪੁਸਤਕਾਂ ਅਦਬੀ ਜਗਤ ਨੂੰ ਦੇ ਚੁੱਕੇ ਹਨ। ਏਅਰਫੋਰਸ ਤੋਂ ਸੇਵਾ ਮੁਕਤੀ ਮਗਰੋਂ ਲੰਮਾਂ ਸਮਾਂ ਆਪਣੇ ਕਵੀਸ਼ਰੀ ਜੱਥੇ ਨਾਲ ਆਪਣੇ ਲਿਖੇ ਸਿੱਖ ਇਤਿਹਾਸ ਦੇ ਪ੍ਰਸੰਗ ਗਾਉਂਦੇ ਰਹੇ। ਇਹਦੇ ਇਲਾਵਾ ਮਾਡਲ ਬਣਾਉਣਾ ਅਤੇ ਸਿੱਕੇ ਇਕੱਠੇ ਕਰਨਾ ਵੀ ਉਨ੍ਹਾਂ ਦਾ ਸ਼ੌਕ ਹੈ। ਉਨ੍ਹਾਂ ਆਪਣੀਆਂ ਕਾਵਿ ਰਚਨਾਵਾਂ ਦਾ ਗਾਇਣ ਵੀ ਕੀਤਾ। ਇਸ ਮੌਕੇ ਮੰਚ ਵੱਲੋਂ ਈਸ਼ਰ ਸਿੰਘ ਲੰਭਵਾਲੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉੱਘੇ ਚਿੱਤਰਕਾਰ ਯਸ਼ਪਾਲ ਸਿੰਘ ਨੇ ਆਪਣੇ ਹੱਥੀਂ ਬਣਾਇਆ ਈਸ਼ਰ ਸਿੰਘ ਲੰਭਵਾਲੀ ਦਾ ਰੇਖਾ ਚਿੱਤਰ ਉਨ੍ਹਾਂ ਨੂੰ ਭੇਟ ਕੀਤਾ। ਇਸ ਮੌਕੇ ਵਿਸ਼ਾਲ ਕਵੀ ਦਰਬਾਰ ਦੌਰਾਨ ਸਰਵਸ੍ਰੀ ਨਾਇਬ ਸਿੰਘ ਬਰਗਾੜੀ, ਜਗਦੇਵ ਸਿੰਘ ਖੋਖਰ, ਪ੍ਰੋਫ਼ੈਸਰ ਤਰਸੇਮ ਨਰੂਲਾ, ਤ੍ਰਿਲੋਕੀ ਵਰਮਾ, ਮੇਲਾ ਰਾਮ, ਮਲਕੀਤ ਕਿੱਟੀ, ਭੂਸ਼ਨ ਕੁਮਾਰ, ਜਸਵੰਤ ਸਿੰਘ ਝੱਖੜਵਾਲਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਅੰਗਰੇਜ ਸਿੰਘ ਰਾਮੂੰਵਾਲੀਆ, ਹਰਨੇਕ ਰੁਪਾਣਾ, ਨਿਮਰਤ ਸਿੰਘ ਬਰਾੜ ਅਤੇ ਬਲਦੇਵ ਕ੍ਰਿਸ਼ਨ ਨੇ ਕਾਵਿ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਮੰਚ ਸੰਚਾਲਨ ਸੁੰਦਰ ਸਿੰਘ ਬਾਜਾਖਾਨਾ ਨੇ ਕੀਤਾ। ਅਖ਼ੀਰ ਵਿਚ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਆਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਮੁਕੰਦ ਸਿੰਘ ਕੋਠੇ ਸਰਾਵਾਂ, ਕ੍ਰਿਸ਼ਨ ਕੁਮਾਰ ਰੰਗੀਲਾ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।