ਚੰਨੀ ਦੀ ਸਾਈਕਲ ਯਾਤਰਾ ਦੌਰਾਨ ਗੈਰ-ਹਾਜ਼ਰ ਰਹੇ ਰਾਜਾ ਵੜਿੰਗ ਧੜੇ ਦੇ ਲੀਡਰ, ਸੋਸ਼ਲ ਮੀਡੀਆ ’ਤੇ ਸਾਂਝੀ ਤਸਵੀਰ ਨੇ ਛੇੜੀ ਨਵੀਂ ਚਰਚਾ ਫਰੀਦਕੋਟ ਵਿੱਚ ਚੰਨੀ ਦੀ ਸਾਈਕਲ ਯਾਤਰਾ ਦੌਰਾਨ ਗੈਰ-ਹਾਜ਼ਰ ਰਹੇ ਰਾਜਾ ਵੜਿੰਗ ਧੜੇ ਦੇ ਲੀਡਰਾਂ ਦੀ ਸੋਸ਼ਲ
Publish Date: Wed, 18 Nov 2026 03:56 PM (IST)
Updated Date: Thu, 19 Nov 2026 04:00 AM (IST)
ਸਾਈਕਲ ਯਾਤਰਾ ’ਚ ਸ਼ਮੂਲੀਅਤ ਨਾ ਕਰਨ ਕਾਰਨ ਉੱਠੇ ਸਨ ਧੜੇਬੰਦੀ ਦੇ ਸਵਾਲ, ਹੁਣ ਰਾਜਾ ਵੜਿੰਗ ਨਾਲ ਤਸਵੀਰ ਹੋਈ ਵਾਇਰਲ ਜਗਮੀਤ ਸਿੰਘ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਕਾਂਗਰਸ ’ਚ ਧੜੇਬੰਦੀ ਦੀਆਂ ਚਰਚਾਵਾਂ ਅਕਸਰ ਸਿਆਸੀ ਮਾਹੌਲ ਨੂੰ ਗਰਮਾਉਂਦੀਆਂ ਰਹਿੰਦੀਆਂ ਹਨ। ਇਸੇ ਦੌਰਾਨ 16 ਨਵੰਬਰ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਭਰ ਵਿੱਚ ਕੱਢੀ ਜਾ ਰਹੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੌਰਾਨ ਜ਼ਿਲ੍ਹਾ ਕਾਂਗਰਸ ਦੀ ਅੰਦਰੂਨੀ ਸਿਆਸਤ ਅਤੇ ਧੜੇਬੰਦੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ। ਇਸ ਯਾਤਰਾ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਮੰਨੇ ਜਾਂਦੇ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਆਗੂਆਂ ਦੀ ਗੈਰ-ਹਾਜ਼ਰੀ ਨੇ ਕਈ ਤਰ੍ਹਾਂ ਦੇ ਸਿਆਸੀ ਸਵਾਲ ਖੜ੍ਹੇ ਕਰ ਦਿੱਤੇ ਸਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਧਨੀ ਵਿਰਕ ਅਤੇ ਪ੍ਰਕਾਸ਼ ਸਿੰਘ ਭੱਟੀ ਨੂੰ ਰਾਜਾ ਵੜਿੰਗ ਦੇ ਧੜੇ ਨਾਲ ਸਬੰਧਤ ਆਗੂਆਂ ਵਜੋਂ ਜਾਣਿਆ ਜਾਂਦਾ ਹੈ। 16 ਨਵੰਬਰ ਨੂੰ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਫਰੀਦਕੋਟ ਜ਼ਿਲ੍ਹੇ ’ਚ ਪਹੁੰਚੀ ਤਾਂ ਇਨ੍ਹਾਂ ਤਿੰਨਾਂ ਆਗੂਆਂ ਦੀ ਇਸ ਪ੍ਰੋਗਰਾਮ ਵਿੱਚ ਗੈਰ-ਹਾਜ਼ਰੀ ਖਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੀ। ਇੱਕ ਪਾਸੇ ਚੰਨੀ ਦੀ ਯਾਤਰਾ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸਰਗਰਮੀ ਨਾਲ ਸ਼ਾਮਲ ਹੋ ਰਹੇ ਸਨ, ਦੂਜੇ ਪਾਸੇ ਰਾਜਾ ਵੜਿੰਗ ਧੜੇ ਨਾਲ ਜੁੜੇ ਮੰਨੇ ਜਾਂਦੇ ਇਨ੍ਹਾਂ ਆਗੂਆਂ ਦੀ ਗੈਰ-ਮੌਜੂਦਗੀ ਨੂੰ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨਾਲ ਜੋੜ ਕੇ ਦੇਖਿਆ ਜਾਣ ਲੱਗਾ। ਇਸ ਗੈਰ-ਹਾਜ਼ਰੀ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਸੀ ਕਿ ਕੀ ਫਰੀਦਕੋਟ ਕਾਂਗਰਸ ਵਿੱਚ ਧੜੇਬੰਦੀ ਕਾਰਨ ਆਗੂ ਇੱਕ-ਦੂਜੇ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾ ਰਹੇ ਹਨ। ਖਾਸ ਕਰਕੇ ਜਦੋਂ ਚਰਨਜੀਤ ਸਿੰਘ ਚੰਨੀ ਦੀ ਇਹ ਯਾਤਰਾ ਪਾਰਟੀ ਦੀ ਜਵਾਨੀ ਨੂੰ ਲਾਮਬੰਦ ਕਰਨ ਅਤੇ ਸਿਆਸੀ ਤੌਰ ’ਤੇ ਸਰਗਰਮ ਕਰਨ ਨਾਲ ਜੁੜੀ ਹੋਈ ਸੀ ਤਾਂ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਦੀ ਗੈਰ-ਹਾਜ਼ਰੀ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦਿੱਤੀ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਸੋਸ਼ਲ ਮੀਡੀਆ ’ਤੇ ਨਵਦੀਪ ਸਿੰਘ ਬੱਬੂ ਬਰਾੜ, ਧਨੀ ਵਿਰਕ ਅਤੇ ਪ੍ਰਕਾਸ਼ ਸਿੰਘ ਭੱਟੀ ਦੀ ਰਾਜਾ ਵੜਿੰਗ ਨਾਲ ਇੱਕ ਸਾਂਝੀ ਤਸਵੀਰ ਸਾਂਝੀ ਹੋਣੀ ਸ਼ੁਰੂ ਹੋ ਗਈ। ਇਸ ਤਸਵੀਰ ਵਿੱਚ ਤਿੰਨੇ ਆਗੂ ਰਾਜਾ ਵੜਿੰਗ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਮੁੜ ਚਰਚਾ ਸ਼ੁਰੂ ਹੋ ਗਈ ਹੈ ਕਿ ਸਾਈਕਲ ਯਾਤਰਾ ਤੋਂ ਇਨ੍ਹਾਂ ਆਗੂਆਂ ਦੀ ਦੂਰੀ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਅਤੇ ਕੀ ਇਸ ਪਿੱਛੇ ਸੱਚਮੁੱਚ ਕੋਈ ਸਿਆਸੀ ਨਾਰਾਜ਼ਗੀ ਸੀ ਜਾਂ ਇਸ ਦੇ ਹੋਰ ਕਾਰਨ ਸਨ। ਸੋਸ਼ਲ ਮੀਡੀਆ ’ਤੇ ਸਾਂਝੀ ਹੋ ਰਹੀ ਇਸ ਤਸਵੀਰ ਨੇ ਪਹਿਲਾਂ ਤੋਂ ਚੱਲ ਰਹੀ ਧੜੇਬੰਦੀ ਦੀ ਚਰਚਾ ਨੂੰ ਇੱਕ ਨਵਾਂ ਪਹਿਲੂ ਦੇ ਦਿੱਤਾ ਹੈ। ਹਾਲਾਂਕਿ ਸਿਰਫ਼ ਇੱਕ ਤਸਵੀਰ ਦੇ ਆਧਾਰ ’ਤੇ ਇਨ੍ਹਾਂ ਆਗੂਆਂ ਦੇ ਸਿਆਸੀ ਰੁਖ ਜਾਂ ਆਪਸੀ ਸਬੰਧਾਂ ਬਾਰੇ ਕੋਈ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ, ਪਰ ਸਾਈਕਲ ਯਾਤਰਾ ਦੌਰਾਨ ਗੈਰ-ਹਾਜ਼ਰੀ ਅਤੇ ਉਸ ਤੋਂ ਬਾਅਦ ਰਾਜਾ ਵੜਿੰਗ ਨਾਲ ਸਾਂਝੀ ਤਸਵੀਰ ਦਾ ਸਾਹਮਣੇ ਆਉਣਾ ਫਰੀਦਕੋਟ ਦੀ ਕਾਂਗਰਸੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ।