- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ 'ਚ ਨਗਰ ਕੌਂਸਲ ਖ਼ਿਲਾਫ਼ ਕੱਚੇ ਸਫਾਈ ਸੇਵਕਾਂ ਦਾ ਤਿੱਖਾ ਰੋਸ ਪ੍ਰਦਰਸ਼ਨ

ਹੜਤਾਲ ਦੂਜੇ ਦਿਨ ਵੀ ਰਹੀ ਜਾਰੀ, ਸ਼ਹਿਰ 'ਚ ਸਫਾਈ ਵਿਵਸਥਾ ਠੱਪ
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਨਗਰ ਕੌਂਸਲ ਫ਼ਰੀਦਕੋਟ ਦੇ ਕੱਚੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢੀ ਗਈ ਹੜਤਾਲ ਅੱਜ ਦੂਜੇ ਦਿਨ ਵੀ ਪੂਰੇ ਰੋਸ ਨਾਲ ਜਾਰੀ ਰਹੀ। ਹੜਤਾਲੀ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਇੱਕਠੇ ਹੋ ਕੇ ਜਿਲਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਫਾਈ ਸੇਵਕਾਂ ਦੀ ਇਸ ਹੜਤਾਲ ਕਾਰਨ ਅੱਜ ਫ਼ਰੀਦਕੋਟ ਸ਼ਹਿਰ ਵਿੱਚ ਦੂਸਰੇ ਦਿਨ ਵੀ ਕਿਤੇ ਵੀ ਸਫਾਈ ਨਹੀਂ ਹੋ ਸਕੀ, ਜਿਸ ਕਰਕੇ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਾਰਵਾਨ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਸਾਫ਼ ਹਦਾਇਤਾਂ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਛਾਂਟੀ ਜਾਂ ਸ਼ਰਤ ਦੇ ਪੱਕਾ ਕੀਤਾ ਜਾਵੇ, ਪਰ ਫ਼ਰੀਦਕੋਟ ਨਗਰ ਕੌਂਸਲ ਵੱਲੋਂ ਇਨ੍ਹਾਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਫ਼ਰੀਦਕੋਟ ਦੇ ਕੱਚੇ ਸਫਾਈ ਸੇਵਕਾਂ ਨੂੰ ਤੁਰੰਤ ਪ੍ਰਭਾਵ ਨਾਲ ਪੱਕਾ ਕੀਤਾ ਜਾਵੇ। ਆਗੂਆਂ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਾਲ 2021 ਤੋਂ ਪਹਿਲਾਂ ਭਰਤੀ ਕੀਤੇ ਕੱਚੇ ਸਫ਼ਾਈ ਕਰਮਚਾਰੀਆ ਸਮੇਤ 8,500 ਰੁਪਏ ਮਹੀਨਾਵਾਰ ਤਨਖਾਹ 'ਤੇ 443 ਕੱਚੇ ਕਰਮਚਾਰੀ ਭਰਤੀ ਕੀਤੇ ਗਏ ਸਨ। ਜਿੰਨਾ ਦੀ ਹੁਣ ਤਨਖਾਹ 16000/- ਰੁਪਏ ਪੰਜਾਬ ਸਰਕਾਰ ਦੁਆਰਾ ਕੀਤੀ ਗਈ ਹੈ। ਕੱਚੇ ਸਫ਼ਾਈ ਕਰਮਚਾਰੀਆਂ ਵਿੱਚੋਂ ਸਮੇਂ ਦੇ ਨਾਲ-ਨਾਲ ਕਈ ਮੁਲਾਜ਼ਮਾਂ ਦੀ ਮੌਤ ਹੋਣ, ਰਿਟਾਇਰ ਹੋਣ ਜਾਂ ਨੌਕਰੀ ਛੱਡਣ ਕਾਰਨ ਹੁਣ ਇਹ ਗਿਣਤੀ ਘੱਟ ਕੇ 377 ਹੀ ਰਹਿ ਗਈ ਹੈ। 173 ਦੇ ਲਗਭਗ ਅਜਿਹੇ ਕੱਚੇ ਕਰਮਚਾਰੀ ਹਨ ਜੋ ਪਿਛਲੇ 25 ਸਾਲਾਂ ਤੋਂ ਨਿਮਾਣੀਆਂ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਨੂੰ ਪੱਕਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਗਰ ਕੌਂਸਲ ਵਿੱਚ ਪੱਕੇ ਤੌਰ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਸਿਰਫ਼ 68 ਹੈ। ਦੂਜੇ ਪਾਸੇ, ਸੰਤ ਰਾਮ ਪ੍ਰਧਾਨ ਸਫਾਈ ਯੂਨੀਅਨ ਫ਼ਰੀਦਕੋਟ ਨੇ ਕਿਹਾ ਕਿ ਇਹ ਕੱਚੇ ਕਰਮਚਾਰੀ ਜੋਂ ਵਿੱਚ ਭਰਤੀ ਕੀਤੇ ਗਏ ਸਨ ਉਹ ਪਿਛਲੇ 5 ਸਾਲਾਂ ਤੋਂ ਲਗਾਤਾਰ ਡਿਊਟੀ ਨਿਭਾ ਰਹੇ ਹਨ, ਇਸ ਲਈ ਸਿਲੈਕਸ਼ਨ ਕਮੇਟੀ ਰਾਹੀਂ ਇਨ੍ਹਾਂ ਦੀ ਚੋਣ ਕਰਕੇ ਇਨ੍ਹਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਰੋਸ ਜਤਾਇਆ ਕਿ ਸਾਲ 2021 ਵਿੱਚ ਭਰਤੀ ਸਮੇਂ ਵੀ ਅੰਮ੍ਰਿਤ ਲਾਲ ਗੋਇਲ ਹੀ ਕਾਰਜ ਸਾਧਕ ਅਫ਼ਸਰ ਸਨ ਅਤੇ ਹੁਣ ਵੀ ਉਹੀ ਹਨ। ਹੁਣ ਉਨ੍ਹਾਂ ਵੱਲੋਂ ਇਨ੍ਹਾਂ ਭਰਤੀਆਂ ਨੂੰ ਨਜਾਇਜ਼ ਦੱਸ ਕੇ ਛਾਂਟੀ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਨ੍ਹਾਂ ਕੱਚੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਹੜਤਾਲ ਅਤੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਪੱਕੇ ਕਰਨ ਦੀਆਂ ਹਦਾਇਤਾਂ ਜਾਰੀ ਹੋਣ ਦੇ ਬਾਵਜੂਦ ਫ਼ਰੀਦਕੋਟ ਦੇ ਈ.ਓ. ਆਪਣੀ ਮਨਮਰਜ਼ੀ ਕਰਦਿਆਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਬੇਤੁਕੀਆਂ ਗੱਲਾਂ ਵਿੱਚ ਉਲਝਾ ਰਹੇ ਹਨ। ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਅੱਗੇ ਚੋਣ ਜਾਬਤਾ ਲੱਗਣ ਕਾਰਨ ਉਨ੍ਹਾਂ ਦਾ ਕੰਮ ਵਿਚਾਲੇ ਲਟਕ ਸਕਦਾ ਹੈ। ਕਰਮਚਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਫ਼ਰੀਦਕੋਟ ਵੱਲੋਂ ਜਲਦ ਮਤਾ ਪਾ ਕੇ ਸਾਨੂੰ ਪੱਕਾ ਕੀਤਾ ਜਾਵੇ ਤਾਂ ਜੋ ਕਿ ਸ਼ਹਿਰ ਦੀ ਸਫਾਈ ਹੋ ਸਕੇ।