ਪੁਲਿਸ ਟੁਕੜੀ ਨੇ ਨਗਰ ਕੀਰਤਨ ਨੂੰ ਦਿੱਤੀ ਸਲਾਮੀ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਪੁਲਿਸ ਟੁਕੜੀ ਨੇ ਨਗਰ ਕੀਰਤਨ ਨੂੰ ਦਿੱਤੀ ਸਤਿਕਾਰ ਸਹਿਤ ਸਲਾਮੀ
Publish Date: Wed, 23 Sep 2026 05:13 PM (IST)
Updated Date: Wed, 23 Sep 2026 05:15 PM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ, ਫਰੀਦਕੋਟ : ਫ਼ਰੀਦਕੋਟ : ਸੂਫ਼ੀ ਸੰਪਰਦਾ ਦੇ ਮਹਾਨ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ-2026 ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬੁੱਧਵਾਰ ਨੂੰ ਸ਼ਰਧਾ, ਭਗਤੀ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਵਿੱਚ ਸਜਾਇਆ ਗਿਆ। ਨਗਰ ਕੀਰਤਨ ਦੇ ਪੁਲਿਸ ਲਾਈਨ ਫ਼ਰੀਦਕੋਟ ਨੇੜੇ ਪਹੁੰਚਣ ਤੇ ਫ਼ਰੀਦਕੋਟ ਪੁਲਿਸ ਦੇ ਜਵਾਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸਤਿਕਾਰ ਸਹਿਤ ਸਲਾਮੀ ਦਿੱਤੀ ਗਈ। ਇਸ ਮੌਕੇ ਐਸਐਸਪੀ ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਸਹਿਤ ਨਤਮਸਤਕ ਹੋਏ। ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਐਸਐਸਪੀ ਗੁਰਬੰਸ ਸਿੰਘ ਬੈਂਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ। ਐਸਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਮਨੁੱਖਤਾ, ਸੇਵਾ, ਨਿਮਰਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀ ਹੈ। ਬਾਬਾ ਫ਼ਰੀਦ ਜੀ ਦੀ ਪਵਿੱਤਰ ਧਰਤੀ ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਮਿਲ-ਜੁਲ ਕੇ ਆਗਮਨ ਪੁਰਬ ਮਨਾਉਣਾ ਆਪਸੀ ਏਕਤਾ ਅਤੇ ਭਾਈਚਾਰੇ ਦੀ ਮਿਸਾਲ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੀ ਵਧਾਈ ਦਿੱਤੀ। ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਵੱਲੋਂ ਗੁਰਬਾਣੀ ਦਾ ਜਾਪ ਕੀਤਾ ਗਿਆ ਅਤੇ ਪੂਰੇ ਰਸਤੇ ਸੰਗਤਾਂ ਵੱਲੋਂ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।