ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ ਫਰੀਦਕੋਟ 'ਚ ਕਾਂਗਰਸ ਵੱਲੋਂ ਪ੍ਰੈੱਸ ਕਾਨਫਰੰਸ, ਗੁਰਪ੍ਰੀਤ ਸਿੰਘ ਲੱਕੀ ਚੇਅਰਮੈਨ ਪੰਜਾਬ ਤੇ ਬੱਬੂ ਬਰਾੜ ਨੇ ਬੀਜੇਪੀ 'ਤੇ ਕੀਤਾ ਤਿੱਖਾ ਹਮਲਾ
Publish Date: Thu, 03 Sep 2026 04:54 PM (IST)
Updated Date: Thu, 03 Sep 2026 04:55 PM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਜ਼ਿਲਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਆਫਸਰ ਕਲੱਬ ਵਿਖੇ ਕੀਤੀ ਗਈ। ਇਸ ਦੌਰਾਨ ਉਨ੍ਹਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਦਰਜ ਕੀਤੇ ਗਏ ਮਾਮਲੇ ਐੱਫ ਆਈ ਆਰ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬੱਬੂ ਬਰਾੜ ਨੇ ਦੱਸਿਆ ਕਿ ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਵੱਲੋਂ ਝਾਰਖੰਡ ਹਲਦਵਾਨੀ ਵਿੱਚ ਇੱਕ ਰੈਲੀ ਕੀਤੀ ਗਈ ਸੀ, ਜਿਸ ਤੋਂ ਬਾਅਦ ਆਰ ਐੱਸ ਐੱਸ, ਤੇ ਬੀਜੇਪੀ ਵੱਲੋਂ ਉਸ ਗਰਾਊਂਡ ਦਾ ਸ਼ੁੱਧੀਕਰਨ ਕੀਤਾ ਗਿਆ। ਇਹ ਕਾਰਵਾਈ ਦਲਿਤ ਭਾਈਚਾਰੇ ਦਾ ਅਪਮਾਨ ਅਤੇ ਛੂਆ-ਛੂਤ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਜਦ ਰਾਹੁਲ ਗਾਂਧੀ ਨੇ ਇਸ ਅਪਮਾਨਜਨਕ ਕਦਮ ਵਿਰੁੱਧ ਆਵਾਜ਼ ਉਠਾਈ ਸੀ, ਜਿਸ ਕਾਰਨ ਬੀਜੇਪੀ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਤੇ ਪਰਚਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਦੀ ਇਸ ਮਾਨਸਿਕਤਾ ਅਤੇ ਰਾਹੁਲ ਗਾਂਧੀ ਤੇ ਕੀਤੇ ਗਲਤ ਪਰਚੇ ਦੇ ਖਿਲਾਫ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਪ੍ਰੈੱਸ ਕਾਨਫਰੰਸ ਵਿੱਚ ਐੱਸ.ਸੀ. ਵਿਭਾਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਆਪਣੇ ਬਿਆਨ ਵਿੱਚ ਬੀਜੇਪੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਲਿਤ ਆਗੂਆਂ ਅਤੇ ਸੰਵਿਧਾਨਕ ਹੱਕਾਂ ਲਈ ਲੜਨ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰਾ ਦਲਿਤ ਸਮਾਜ ਅਤੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਦਲਿਤ ਭਾਈਚਾਰੇ ਪ੍ਰਤੀ ਹਮੇਸ਼ਾ ਹੀ ਰਾਹੁਲ ਗਾਂਧੀ ਹੱਕਾਂ ਪ੍ਰਤੀ ਅਵਾਜ਼ ਨੂੰ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕੰਨਿਆ ਕੁਮਾਰੀ ਤੱਕ ਯਾਤਰਾ ਦੌਰਾਨ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਸਨ ਅਤੇ ਸਾਰਿਆਂ ਨੂੰ ਗਲੇ ਮਿਲੇ ਸਨ। ਇਸ ਮੌਕੇ ਤੇ ਗੁਰਚਰਨ ਸਿੰਘ ਇੰਚਾਰਜ ਜ਼ਿਲਾ ਫ਼ਰੀਦਕੋਟ, ਗੁਰਸੇਵਕ ਸਿੰਘ ਜੈਤੋ ਜ਼ਿਲਾ ਇੰਚਾਰਜ, ਗੁਰਮੇਲ ਸਿੰਘ ਮੋੜ ਬਰਨਾਲਾ, ਹਰਮੇਸ਼ ਸਿੰਘ ਵਾਈਸ ਪ੍ਰਧਾਨ ਫ਼ਰੀਦਕੋਟ, ਅਵਤਾਰ ਸਿੰਘ ਸੰਧਵਾਂ,ਬੋਹੜ ਸਿੰਘ ਰੰਗਰੇਟਾ, ਕੁਲਦੀਪ ਸਿੰਘ, ਗੁਰਭਜਨ ਸਿੰਘ ਜ਼ਿਲਾ ਪ੍ਰਧਾਨ ਇੰਟਕ ਆਦਿ ਹੋਰ ਹਾਜ਼ਰ ਸਨ।